ਨਾਭਾ/ਲੁਧਿਆਣਾ, 24 ਸਤੰਬਰ, 2025: ਪੰਜਾਬ ਦੇ ਨਾਭਾ ਵਿੱਚ 22 ਸਤੰਬਰ ਨੂੰ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਹੋਈ ਝੜਪ ਤੋਂ ਬਾਅਦ ਸੁਰਖੀਆਂ ਵਿੱਚ ਆਈ ਡੀਐਸਪੀ ਮਨਦੀਪ ਕੌਰ ਨੇ ਪੂਰੇ ਵਿਵਾਦ ‘ਤੇ ਆਪਣੀ ਚੁੱਪੀ ਤੋੜੀ ਹੈ। ਇੱਕ ਮੀਡੀਆ ਅਦਾਰੇ ਨੂੰ ਦਿੱਤੀ ਇੰਟਰਵਿਊ ‘ਚ DSP ਮਨਦੀਪ ਕੌਰ ਨੇ ਕਿਹਾ ਕਿ ਕਿਸਾਨਾਂ ਦੀ ਆੜ ਵਿੱਚ ਕੁਝ ਗੁੰਡਿਆਂ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ ਅਤੇ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਛੂਹਿਆ (Inappropriately Touched), ਜਿਸ ਕਾਰਨ ਉਹ ਭਾਵੁਕ ਹੋ ਗਈ।
ਕੀ ਸੀ ਪੂਰਾ ਵਿਵਾਦ?
ਇਹ ਘਟਨਾ 22 ਸਤੰਬਰ ਨੂੰ ਡੀਐਸਪੀ ਮਨਦੀਪ ਕੌਰ ਦੇ ਦਫ਼ਤਰ ਦੇ ਬਾਹਰ ਵਾਪਰੀ, ਜਿੱਥੇ ਕਿਸਾਨ ਸ਼ੰਭੂ ਮੋਰਚੇ ਦੌਰਾਨ ਚੋਰੀ ਹੋਈਆਂ ਟਰੈਕਟਰ-ਟਰਾਲੀਆਂ ਦੇ ਮਾਮਲੇ ਵਿੱਚ ਪ੍ਰਦਰਸ਼ਨ ਕਰ ਰਹੇ ਸਨ। ਕਿਸਾਨਾਂ ਦਾ ਦੋਸ਼ ਸੀ ਕਿ ਪੁਲਿਸ ਦੋਸ਼ੀ ‘ਆਪ’ ਆਗੂ ਪੰਕਜ ਪੱਪੂ ਨੂੰ ਬਚਾ ਰਹੀ ਹੈ। ਇਸੇ ਦੌਰਾਨ ਪੁਲਿਸ ਅਤੇ ਕਿਸਾਨਾਂ ਵਿਚਾਲੇ ਝੜਪ ਹੋ ਗਈ।
ਦੋਸ਼ 1: ਪੁਲਿਸ ਨੇ ਕਿਸਾਨ ਦੀ ਪੱਗ ਉਤਾਰੀ।
ਜਵਾਬ: “ਇੱਕ ਵੀ ਵੀਡੀਓ ਦਿਖਾ ਦਿਓ ਜਿਸ ਵਿੱਚ ਪੁਲਿਸ ਨੇ ਕਿਸੇ ਦੀ ਪੱਗ ਉਤਾਰੀ ਹੋਵੇ। ਮੈਂ ਖੁਦ ਕਿਸਾਨਾਂ ਨੂੰ ਗੁਰਦੁਆਰੇ ਜਾ ਕੇ ਸਹੁੰ ਖਾਣ ਲਈ ਕਿਹਾ ਸੀ ਕਿ ਪੁਲਿਸ ਨੇ ਪਹਿਲਾਂ ਧੱਕਾ-ਮੁੱਕੀ ਕੀਤੀ, ਪਰ ਕੋਈ ਤਿਆਰ ਨਹੀਂ ਹੋਇਆ। ਇਸਦਾ ਮਤਲਬ ਉਨ੍ਹਾਂ ਦੇ ਮਨ ਵਿੱਚ ਚੋਰ ਹੈ।”
ਦੋਸ਼ 2: ਤੁਸੀਂ ਪ੍ਰਦਰਸ਼ਨਕਾਰੀਆਂ ‘ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ?
ਜਵਾਬ: “ਇਹ ਸਰਾਸਰ ਝੂਠ ਹੈ। ਕਿਸਾਨ ਆਗੂ ਗਮਦੂਰ ਸਿੰਘ ਨੇ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਉਹ ਮੇਰੀ ਗੱਡੀ ਲਈ ਰਸਤਾ ਛੱਡ ਦੇਣਗੇ, ਪਰ ਉਸਨੇ ਅਜਿਹਾ ਨਹੀਂ ਕੀਤਾ। ਸਗੋਂ, ਕਿਸਾਨ ਖੁਦ ਗੱਡੀ ਦੇ ਅੱਗੇ ਲੇਟ ਗਏ ਅਤੇ ਗਲਤ ਮਾਹੌਲ ਬਣਾਇਆ।”
ਦੋਸ਼ 3: ਤੁਸੀਂ ਇੱਕ ਔਰਤ ਦੇ ਵਾਲ ਖਿੱਚੇ?
ਜਵਾਬ: ਪਲਿਸ ਅਤੇ ਕਿਸਾਨਾਂ ਵਿਚਾਲੇ ਧੱਕਾ-ਮੁੱਕੀ ਹੋ ਰਹੀ ਸੀ। ਇੱਕ ਔਰਤ ਦੇ ਹੱਥ ਵਿੱਚ ਸ਼ਾਇਦ ਕੋਈ ਪੱਥਰ ਸੀ ਜਿਸ ਨਾਲ ਉਹ ਮੇਰੇ ‘ਤੇ ਹਮਲਾ ਕਰ ਸਕਦੀ ਸੀ। ਉਸਨੂੰ ਰੋਕਣ ਦੀ ਕੋਸ਼ਿਸ਼ ਵਿੱਚ ਮੇਰਾ ਹੱਥ ਉਸਦੇ ਸਿਰ ‘ਤੇ ਲੱਗ ਗਿਆ। ਉਸ ਕਲਿੱਪ ਨੂੰ ਗਲਤ ਤਰੀਕੇ ਨਾਲ ਦਿਖਾਇਆ ਗਿਆ ਹੈ।”
ਡੀਐਸਪੀ ਮਨਦੀਪ ਕੌਰ ਹੋਈ ਭਾਵੁਕ
ਡੀਐਸਪੀ ਮਨਦੀਪ ਕੌਰ ਨੇ ਭਾਵੁਕ ਹੁੰਦਿਆਂ ਕਿਹਾ, “ਤੁਸੀਂ ਉਸ ਚੀਜ਼ ਨੂੰ ਮਹਿਸੂਸ ਨਹੀਂ ਕਰ ਸਕਦੇ ਜੋ ਇੱਕ ਔਰਤ ਨੂੰ ਸਹਿਣੀ ਪਈ। ਮੈਨੂੰ ਪਿੱਛੋਂ ਗਲਤ ਤਰੀਕੇ ਨਾਲ ਛੂਹਿਆ ਗਿਆ। ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਸਨ। ਮੈਨੂੰ ਇੱਕ ਲੇਡੀ ਅਫਸਰ ਦੀ ਥਾਂ ਇੱਕ ਆਮ ਔਰਤ ਵਾਂਗ ਟ੍ਰੀਟ ਕੀਤਾ ਗਿਆ ਕਿ ਜਿਵੇਂ ਮਰਜ਼ੀ ਸਲੂਕ ਕਰੋ, ਇਹ ਸਹਿ ਲਵੇਗੀ।”
ਉਨ੍ਹਾਂ ਨੇ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਧਰਨਿਆਂ ਵਿੱਚ ਇਸ ਗੱਲ ਦਾ ਧਿਆਨ ਰੱਖਣ ਕਿ ਕੌਣ ਲੋਕ ਸ਼ਾਮਲ ਹੋ ਰਹੇ ਹਨ, ਤਾਂ ਜੋ ਗਲਤ ਅਨਸਰਾਂ ਕਾਰਨ ਕਿਸਾਨਾਂ ਦਾ ਅੰਦੋਲਨ ਬਦਨਾਮ ਨਾ ਹੋਵੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਉਹ ਖੁਦ ਇੱਕ ਕਿਸਾਨ ਪਰਿਵਾਰ ਤੋਂ ਹਨ ਅਤੇ ਉਨ੍ਹਾਂ ਦੇ ਪਿਤਾ ਵੀ ਸ਼ੰਭੂ ਮੋਰਚੇ ਦਾ ਹਿੱਸਾ ਰਹੇ ਹਨ, ਇਸ ਲਈ ਉਹ ਕਿਸਾਨਾਂ ਦਾ ਦਰਦ ਸਮਝਦੀ ਹਨ।
















