ਨੋਇਡਾ – ਪੁਲੀਸ ਨੇ ਨੋਇਡਾ ਵਿੱਚ ਇਕ ਵਿਦਿਆਰਥੀ ਨਾਲ ਲੁੱਟਖੋਹ ਅਤੇ ਉਸ ਦੇ ਕਤਲ ਦੇ ਮਾਮਲੇ ਵਿੱਚ ਸ਼ਾਮਿਲ 5 ਬਦਮਾਸ਼ਾਂ ਨੂੰ ਅੱਜ ਸਵੇਰੇ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ| ਪੁਲੀਸ ਕਮਿਸ਼ਨਰ ਲਵ ਕੁਮਾਰ ਨੇ ਦੱਸਿਆ ਕਿ 2 ਸਤੰਬਰ ਦੀ ਰਾਤ ਨੂੰ ਸੈਕਟਰ 62 ਵਿੱਚ ਰਹਿਣ ਵਾਲਾ ਬੀਟੈਕ ਦਾ ਵਿਦਿਆਰਥੀ ਅਕਸ਼ੈ ਕਾਲਰਾ ਆਪਣੀ ਕਾਰ ਤੇ ਕਿਤੇ ਜਾ ਰਿਹਾ ਸੀ, ਉਦੋਂ ਅਣਪਛਾਤੇ ਬਦਮਾਸ਼ਾਂ ਨੇ ਉਸ ਨਾਲ ਕੁੱਟਮਾਰ ਕਰ ਕੇ ਉਸ ਦੀ ਕਾਰ ਖੋਹ ਲਈ| ਬਦਮਾਸ਼ ਉਸਨੂੰ ਸੜਕ ਤੇ ਬੇਹੋਸ਼ੀ ਦੀ ਹਾਲਤ ਵਿੱਚ ਸੁੱਟ ਗਏ ਸਨ| ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੇ ਅਗਲੇ ਦਿਨ ਉਸ ਦੀ ਮੌਤ ਹੋ ਗਈ ਸੀ| ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ ਦੀ ਜਾਂਚ ਲਈ 4 ਟੀਮਾਂ ਗਠਿਤ ਕੀਤੀਆਂ ਗਈਆਂ ਸਨ| ਘਟਨਾ ਦੀ ਜਾਂਚ ਕਰ ਰਹੇ ਥਾਣਾ ਸੈਕਟਰ 58 ਦੇ ਇੰਚਾਰਜ ਅਨਿਲ ਕੁਮਾਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਅੱਜ ਤੜਕੇ ਇਕ ਸੂਚਨਾ ਦੇ ਆਧਾਰ ਤੇ ਸੈਕਟਰ 62 ਕੋਲ ਕੁਝ ਬਦਮਾਸ਼ਾਂ ਨੂੰ ਘੇਰਿਆ, ਜਿਸ ਤੋਂ ਬਾਅਦ ਬਦਮਾਸ਼ਾਂ ਨੇ ਪੁਲੀਸ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ| ਸ੍ਰੀ ਕੁਮਾਰ ਨੇ ਦੱਸਿਆ ਕਿ ਪੁਲੀਸ ਨੇ ਵੀ ਜਵਾਬੀ ਕਾਰਵਾਈ ਕਰਦੇ ਹੋਏ ਬਦਮਾਸ਼ਾਂ ਤੇ ਗੋਲੀਆਂ ਚਲਾਈਆਂ| ਇਸ ਗੋਲੀਬਾਰੀ ਵਿੱਚ ਚਾਰ ਬਦਮਾਸ਼ ਕੁਲਦੀਪ ਉਰਫ ਹੈਪੀ, ਵਿਕਾਸ ਉਰਫ ਵਿੱਕੀ, ਸੋਨੂੰ ਸਿੰਘ ਅਤੇ ਸ਼ਮੀਮ ਸ਼ੇਖ ਜ਼ਖਮੀ ਹੋ ਗਏ| ਉਨ੍ਹਾਂ ਨੇ ਦੱਸਿਆ ਕਿ ਬਦਮਾਸ਼ਾਂ ਦਾ ਇਕ ਸਾਥੀ ਅਜੇ ਕੁਮਾਰ ਰਾਠੌੜ ਮੌਕੇ ਤੇ ਦੌੜ ਗਿਆ ਸੀ ਜਿਸ ਨੂੰ ਪੁਲੀਸ ਨੇ ਬਾਅਦ ਵਿੱਚ ਗ੍ਰਿਫਤਾਰ ਕਰ ਲਿਆ| ਉਨ੍ਹਾਂ ਨੇ ਦੱਸਿਆ ਕਿ ਚਾਰੇ ਜ਼ਖਮੀ ਬਦਮਾਸ਼ਾਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ| ਕਮਿਸ਼ਨਰ ਨੇ ਦੱਸਿਆ ਕਿ ਪੁਲੀਸ ਨੇ ਇਨ੍ਹਾਂ ਬਦਮਾਸ਼ਾਂ ਕੋਲੋਂ ਇਕ ਪਿਸਤੌਲ, ਤਿੰਨ ਦੇਸੀ ਤਮੰਚੇ, ਕਾਰਤੂਸ ਅਤੇ ਕਾਲਰਾ ਦੀ ਕਾਰ ਬਰਾਮਦ ਕੀਤੀ ਹੈ| ਸ੍ਰੀ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਬਦਮਾਸ਼ਾਂ ਨੇ ਨੋਇਡਾ, ਗਾਜ਼ੀਆਬਾਦ ਅਤੇ ਦਿੱਲੀ ਵਿੱਚ ਲੁੱਟਖੋਹ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਗੱਲ ਸਵੀਕਾਰ ਕੀਤੀ ਹੈ| ਕਮਿਸ਼ਨਰ ਨੇ ਦੱਸਿਆ ਕਿ ਬਦਮਾਸ਼ਾਂ ਨੂੰ ਗ੍ਰਿਫਤਾਰ ਕਰਨ ਵਾਲੀ ਪੁਲੀਸ ਟੀਮ ਨੂੰ ਪੁਲੀਸ ਕਮਿਸ਼ਨਰ ਆਲੋਕ ਸਿੰਘ ਨੇ ਇਕ ਲੱਖ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ|