ਚੰਡੀਗੜ੍ਹ – ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਘਰ ਘਰ ਰੁਜ਼ਗਾਰ ਮਿਸ਼ਨ ਦੇ ਅਧੀਨ ਸੂਬੇ ਦੇ ਨੌਜਵਾਨਾਂ ਨੂੰ ਹੁਨਰਮੰਦ ਬਣਾ ਕੇ ਰੁਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ। ਜਿਸ ਲਈ ਪੰਜਾਬ ਸਰਕਾਰ ਨੇ ਹੁਣ ਤੱਕ 6 ਰਾਜ ਪੱਧਰੀ ਰੁਜ਼ਗਾਰ ਮੇਲੇ ਲਾ ਕੇ 15 ਲੱਖ ਤੋਂ ਵੱਧ ਨੌਜਵਾਨਾਂ ਨੂੰ ਨਿੱਜੀ ਖੇਤਰ ਵਿਚ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਹਨ। ਪਿਛਲੇ ਕੁੱਝ ਸਮੇਂ ਤੋਂ ਕੋਰੋਨਾ ਮਹਾਂਮਾਰੀ ਕਾਰਨ ਦੁਨੀਆਂ ਭਰ ਵਿਚ ਰੁਜ਼ਗਾਰ ਦੇ ਮੌਕਿਆਂ ਵਿਚ ਵੱਡੀ ਖੜੋਤ ਆਈ ਹੈ, ਪਰ ਇਸ ਦੇ ਬਾਵਜੂਦ ਪੰਜਾਬ ਸਰਕਾਰ ਨੇ ਹਫਤੇ ਭਰ ਲਈ ਸੂਬੇ ਵਿਚ 6ਵਾਂ ਰਾਜ ਪੱਧਰੀ ਰੁਜ਼ਗਾਰ ਮੇਲਾ ਲਾ ਕੇ ਇੱਕ ਲੱਖ ਨੌਜ਼ਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਹਨ। ਰੋਜ਼ਗਾਰ ਉੱਤਪਤੀ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਘਰ ਘਰ ਰੁਜ਼ਗਾਰ ਮੁਹਿਮ ਨਾਲ ਜੁੜ ਕੇ ਸੂਬੇ ਦੇ ਅਹਿਮ ਉਦਯੋਗਿਕ ਅਦਾਰਾ ਟਰਾਈਡੈਂਟ ਗਰੁੱਪ ਨੇ ਵੱਡੀ ਪਹਿਲਕਦਮੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਟ੍ਰਾਈਡੈਂਟ ਗਰੁੱਪ ਨੇ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਪਰਿਵਾਰਾਂ ਦੀਆਂ ਮਹਿਲਾਵਾਂ ਨੂੰ ਰੁਜ਼ਗਾਰ ਦੇ ਖੇਤਰ ਚ ਆਤਮ ਨਿਰਭਰ ਬਣਾਉਣ ਲਈ ਬੀਪੀਐਲ ਪਰਿਵਾਰਾਂ ਨਾਲ ਸਬੰਧਤ 2500 ਨੌਜਵਾਨ ਮਹਿਲਾਵਾਂ ਨੂੰ ਅਗਲੇ 10 ਮਹੀਨਿਆਂ ਦੌਰਾਨ ਰੁਜ਼ਗਾਰ ਦਿੱਤਾ ਜਾਵੇਗਾ ।ਘਰ ਘਰ ਰੁਜ਼ਗਾਰ ਯੋਜਨਾ ਪ੍ਰੋਗਰਾਮ ਦੇ ਤਹਿਤ ਟ੍ਰਾਈਡੈਂਟ ਗਰੁੱਪ ਵਲੋਂ ਚੁਣੀਆਂ ਬੀਪੀਐਲ ਪਰਿਵਾਰਾਂ ਦੀਆਂ ਮਹਿਲਾਵਾਂ ਨੂੰ ਪ੍ਰਤੀ ਮਹੀਨਾ 18 ਹਜ਼ਾਰ ਸਟਾਈਪੇਡ, ਰਹਿਣ ਲਈ ਹੋਸਟਲ ਦੀ ਸੁਵਿਧਾ ਅਤੇ ਰਿਆਇਤੀ ਦਰ ਤੇ ਭੋਜਨ ਪ੍ਰਦਾਨ ਕੀਤਾ ਜਾਵੇਗਾ ।ਰੋਜ਼ਗਾਰ ੳੱਤਪਤੀ ਮੰਤਰੀ ਚੰਨੀ ਨੇ ਟਰਾਈਡੈਂਟ ਸਮੂਹ ਦੀ ਸ਼ਲਾਘਾ ਕਰਦਿਆਂ ਹੋਇਆ ਕਿਹਾ ਸੀ ਕਿ ਹੋਰ ਉਦਯੋਗਿਕ ਸਮੂਹ ਵੀ ਪੰਜਾਬ ਸਰਕਾਰ ਦੀ ਘਰ ਘਰ ਰੁਜ਼ਗਾਰ ਸਕੀਮ ਨਾਲ ਜੁੜ ਕੇ ਸੂਬੇ ਦੇ ਹੁਨਰਮੰਦ ਨੌਜ਼ਵਾਨਾਂ ਨੂੰ ਨੌਕਰੀਆਂ ਦੇਣ ਲਈ ਅੱਗੇ ਆਉਣ।