ਮੁੰਬਈ, 20 ਦਸੰਬਰ – ਯੂਗਾਂਡਾ ਦੀ ਇਕ ਔਰਤ ਨੂੰ ਅੰਤਰਰਾਸ਼ਟਰੀ ਹਵਾਈ ਅੱਡੇ ਤੇ 8.9 ਕਰੋੜ ਰੁਪਏ ਮੁੱਲ ਦੀ ਕੋਕੀਨ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਨੂੰ ਉਸ ਨੇ ਆਪਣੇ ਵਾਲਾਂ ਦੀ ਵਿਗ ਅਤੇ ਅੰਡਰਗਾਰਮੈਂਟਸ ਵਿੱਚ ਲੁਕਾ ਕੇ ਰੱਖਿਆ ਸੀ। ਰੈਵੇਨਿਊ ਇੰਟੈਲੀਜੈਂਸ ਡਾਇਰੈਕਟੋਰੇਟ ਦੇ ਇਕ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਡੀ.ਆਰ.ਆਈ. ਦੀ ਮੁੰਬਈ ਖੇਤਰੀ ਇਕਾਈ ਨੇ ਇਕ ਵਿਸ਼ੇਸ਼ ਸੂਚਨਾ ਦੇ ਆਧਾਰ ਤੇ ਬੀਤੇ ਦਿਨ ਇੱਥੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਜਾਲ ਵਿਛਾਇਆ ਅਤੇ ਮਹਿਲਾ ਯਾਤਰੀ ਨੂੰ ਫੜ ਲਿਆ।
ਉਹ ਏਂਟੇਬੇ ਤੋਂ ਨੌਰੋਬੀ ਦੇ ਰਸਤੇ ਮੁੰਬਈ ਪਹੁੰਚੀ ਸੀ। ਉਨ੍ਹਾਂ ਦੱਸਿਆ ਕਿ ਡੀ.ਆਰ.ਆਈ. ਦੇ ਅਧਿਕਾਰੀਆਂ ਨੂੰ ਸ਼ੁਰੂਆਤ ਵਿੱਚ ਉਸ ਦੇ ਸਮਾਨ ਤੋਂ ਕੁਝ ਨਹੀਂ ਮਿਲਿਆ ਪਰ ਜਦੋਂ ਉਸ ਦੇ ਵਾਲਾਂ ਦੀ ਵਿਗ ਅਤੇ ਪਹਿਨੇ ਹੋਏ ਅੰਡਰਗਾਰਮੈਂਟਸ ਦੀ ਜਾਂਚ ਕੀਤੀ ਗਈ ਤਾਂ ਉਸ ਤੋਂ 890 ਗ੍ਰਾਮ ਕੋਕੀਨ ਬਰਾਮਦ ਹੋਈ। ਅਧਿਕਾਰੀ ਨੇ ਦੱਸਿਆ ਕਿ ਯੂਗਾਂਡਾ ਦੀ ਔਰਤ ਨਾਗਰਿਕ ਅਸਧਾਰਨ ਤਰੀਕਾ ਅਪਣਾ ਕੇ ਨਸ਼ੀਲੇ ਪਦਾਰਥ ਦੀ ਤਸਕੀਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਜਿਸ ਨਾਲ ਨਸ਼ੀਲੇ ਪਦਾਰਥ ਦਾ ਪਤਾ ਲਗਾਉਣਾ ਚੁਣੌਤੀਪੂਰਨ ਸੀ। ਉਨ੍ਹਾਂ ਦੱਸਿਆ ਕਿ ਪੁੱਛ-ਗਿੱਛ ਤੋਂ ਬਾਅਦ ਯਾਤਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।