ਮੋਗਾ, 4 ਅਕਤੂਬਰ, 2020 : ਕੁੱਲ ਹਿੰਦ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਅੰਬਾਨੀ ਤੇ ਅਡਾਨੀ ਲਈ ਕਿਸਾਨਾਂ ਨੂੰ ਨਰੇਂਦਰ ਮੋਦੀ ਤਬਾਹ ਕਰਨਾ ਚਾਹੁੰਦੇ ਹਨ ਤੇ ਉਹ ਉਹੀ ਕਰਦੇ ਹਨ ਜੋ ਅੰਬਾਨੀ ਤੇ ਅਡਾਨੀ ਕਹਿੰਦੇ ਹਨ। ਉਹਨਾਂ ਇਹ ਵੀ ਐਲਾਨ ਕੀਤਾ ਕਿ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਆਉਣ ‘ਤੇ ਨਵੇਂ ਖੇਤੀ ਕਾਨੂੰਨ ਰੱਦ ਕੀਤੇ ਜਾਣਗੇ।
ਅੱਜ ਇਥੇ ਆਪਣੀਆਂ ਟਰੈਕਟਰ ਰੈਲੀਆਂ ਦੀ ਸ਼ੁਰੂਆਤ ਲਈ ਪੁੱਜੇ ਰਾਹੁਲ ਗਾਂਧੀ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਵਿਚ ਮੋਦੀ ਸਰਕਾਰ ਨੂੰ ਅੰਬਾਨੀ ਤੇ ਅਡਾਨੀ ਚਲਾ ਰਹੇ ਹਨ, ਨਰੇਂਦਰ ਮੋਦੀ ਨੂੰ ਉਹ ਕਠਪੁਤਲੀ ਵਾਂਗ ਨਚਾਉਂਦੇ ਹਨ। ਉਹਨਾਂ ਕਿਹਾ ਕਿ ਜਿਵੇਂ ਅੰਗਰੇਜ਼ਾਂ ਨੇ ਕਿਸਾਨਾਂ ਦਾ ਲੱਕ ਤੋੜ ਕੇ ਦੇਸ਼ ‘ਤੇ ਕਬਜ਼ਾ ਕੀਤਾ, ਮੋਦੀ ਵੀ ਦੇਸ਼ ਦੇ ਕੁਝ ਅਰਬਪਤੀਆਂ ਲਈ ਕਿਸਾਨਾਂ ਦਾ ਲੱਕ ਤੋੜਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਅੰਬਾਨੀ ਤੇ ਅਡਾਨੀ ਦੀ ਕਿਸਾਨਾਂ ਦੀਆਂ ਜ਼ਮੀਨਾਂ ਤੇ ਉਹਨਾਂ ਦੇ ਪੈਸੇ ‘ਤੇ ਅੱਖ ਹੈ। ਉਹਨਾਂ ਕਿਹਾ ਕਿ ਨਰੇਂਦਰ ਮੋਦੀ ਇਹ ਜ਼ਮੀਨਾਂ ਅੰਬਾਨੀ ਤੇ ਅਡਾਨੀ ਨੂੰ ਲੈ ਕੇ ਦੇਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਅੰਬਾਨੀਆਂ ਦਾ ਮੀਡੀਆ ਮੋਦੀ ਨੂੰ ਸਾਰਾ ਦਿਨ ਵਿਖਾਉਂਦਾ ਰਹਿੰਦਾ ਹੈ।
ਰਾਹੁਲ ਗਾਂਧੀ ਨੇ ਇਹ ਵੀ ਐਲਾਨ ਕੀਤਾ ਕਿ ਕਿਸਾਨਾਂ ਨਾਲ ਕਾਂਗਰਸ ਪਾਰਟੀ ਡੱਟ ਕੇ ਖੜੀ ਹੈ ਤੇ ਇਹ ਨਵੇਂ ਕਾਨੂੰਨ ਰੱਦ ਕਰਵਾ ਕੇ ਹੀ ਸਾਹ ਲਿਆ ਜਾਵੇਗਾ।