ਉਤਰਾਖੰਡ, 20 ਜੂਨ 2020 – ਉਤਰਾਖੰਡ ਦੀ ਪੁਲਿਸ ਨੇ ਇਕ ਹੋਟਲ ‘ਚ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਪੰਜਾਬ ਦੇ 4 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨਾਲ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਮੰਨਿਆ ਕਿ ਉਨ੍ਹਾਂ ਨੇ ਇੱਕ ਵਪਾਰੀ ਦੀ ਸੁਪਾਰੀ ਲਈ ਹੋਈ ਹੈ ਅਤੇ ਉਸ ਦਾ ਕਤਲ ਕਰਨ ਆਏ ਹੋਏ ਹਨ। ਚਾਰੇ ਸ਼ਾਰਪ ਸ਼ੂਟਰ ਪੰਜਾਬ ਵਿਚ ਕਤਲ ਅਤੇ ਕਤਲ ਦੇ ਯਤਨ ਸਮੇਤ ਕਈ ਮਾਮਲਿਆਂ ਵਿੱਚ ਨਾਮਜ਼ਦ ਹਨ ਅਤੇ ਪੁਲਿਸ ਨੂੰ ਉਨ੍ਹਾਂ ਦੀ ਭਾਲ ਸੀ। ਪੁਲਸਿ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਚਾਰਾਂ ਨੌਜਵਾਨਾਂ ਦੀਆਂ ਸ਼ੱਕੀ ਗਤੀਵਿਧੀਆਂ ਤੋਂ ਬਾਅਦ ਬਾਜਪੁਰ ਦੀ ਪੁਲਿਸ ਨੇ ਟ੍ਰੈਪ ਲਾ ਕੇ ਚਾਰਾਂ ਨੌਜਵਾਨਾਂ ਨੂੰ ਗ੍ਰਿਫਤਾਰ ਹੈ।
ਪੁੱਛਗਿੱਛ ‘ਚ ਉਨ੍ਹਾਂ ਨੇ ਮੰਨਿਆ ਕਿ ਉਨ੍ਹਾਂ ਨੂੰ ਪੰਜਾਬ ਤੋਂ ਇੱਥੇ ਕੁਲਦੀਪ ਸਿੰਘ ਕੇਡੀ ਨੇ ਬੁਲਾਇਆ ਹੈ ਅਤੇ ਉਨ੍ਹਾਂ ਨੂੰ ਪ੍ਰਮੁੱਖ ਵਪਾਰੀ ਕੁਲਵਿੰਦਰ ਸਿੰਘ ਕਿੰਦਾ ਦੇ ਕਤਲ ਦੀ ਸੁਪਾਰੀ ਦਿੱਤੀ ਗਈ ਸੀ। ਫੜ੍ਹੇ ਗਏ ਮੁਲਜ਼ਮਾਂ ਦੀ ਪਛਾਣ ਹਰਪਾਲ ਸਿੰਘ, ਪ੍ਰਿੰਸਪਾਲ ਸਿੰਘ, ਸੁਖਰਾਜ ਸਿੰਘ ਜੋ ਕਿ ਗੁਰਦਾਸਪੁਰ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੇ ਚੌਥੇ ਸਾਥੀ ਦੀ ਪਛਾਣ ਯੁੱਧਵੀਰ ਸਿੰਘ ਅੰਮ੍ਰਿਤਸਰ ਵਜੋਂ ਹੋਈ ਹੈ।
ਬਾਜਪੁਰ ਪੁਲਿਸ ਨੇ ਉਨ੍ਹਾਂ ਦੀ ਮਦਦ ਕਰਨ ਵਾਲੇ ਤਿੰਨ ਹੋਰ ਵਿਅਕਤੀਆਂ ਹਰਸ਼ਦੀਪ ਸਿੰਘ, ਹਰਚਰਨ ਸਿੰਘ ਅਤੇ ਜਗਜੀਤ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਹੈ।