ਨਵੀਂ ਦਿੱਲੀ – ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਉਹ ਭਾਰਤ ’ਚ ਸਾਰੇ ਵਿਦੇਸ਼ੀ ਦੂਤਾਵਾਸਾਂ ਦੇ ਸੰਪਰਕ ’ਚ ਹੈ ਅਤੇ ਉਨ੍ਹਾਂ ਦੀਆਂ ਮੈਡੀਕਲ ਸਬੰਧੀ ਤੇ ਖਾਸ ਤੌਰ ’ਤੇ ਕੋਵਿਡ-19 ਨਾਲ ਜੁੜੀਆਂ ਮੰਗਾਂ ਦਾ ਜਵਾਬ ਦੇ ਰਹੇ ਹਨ। ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਦੂਤਾਵਾਸਾਂ ਦੀਆਂ ਮੈਡੀਕਲ ਸਬੰਧੀ ਮੰਗਾਂ ’ਚ ਹਸਪਤਾਲਾਂ ’ਚ ਇਲਾਜ ਸਬੰਧੀ ਸਹੂਲਤ ਮੁਹੱਈਆ ਕਰਵਾਉਣਾ ਸ਼ਾਮਲ ਹੈ। ਉਨ੍ਹਾਂ ਸਾਰਿਆਂ ਨੂੰ ਆਕਸੀਜਨ ਸਮੇਤ ਹੋਰ ਜ਼ਰੂਰੀ ਸਪਲਾਈ ਨਾਲ ਜੁੜੀਆਂ ਵਸਤਾਂ ਦੀ ਜਮ੍ਹਾਂਖੋਰੀ ਨਾ ਕਰਨ ਦੀ ਅਪੀਲ ਕੀਤੀ। ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਾਂਗਰਸ ਆਗੂ ਜੈਰਾਮ ਰਮੇਸ਼ ਨੂੰ ਨਿਸ਼ਾਨੇ ’ਤੇ ਲਿਆ ਜਦੋਂ ਉਨ੍ਹਾਂ ਆਪਣੇ ਟਵੀਟ ’ਚ ਕਿਹਾ ਕਿ ਭਾਰਤੀ ਯੁਵਾ ਕਾਂਗਰਸ ਵਿਦੇਸ਼ੀ ਦੂਤਾਵਾਸਾਂ ਦੇ ਐਮਰਜੈਂਸੀ ਸੁਨੇਹਿਆਂ ਨੂੰ ਦੇਖ ਰਹੀ ਹੈ ਅਤੇ ਹੈਰਾਨੀ ਜ਼ਾਹਿਰ ਕੀਤੀ ਕਿ ਕੀ ਵਿਦੇਸ਼ ਮੰਤਰਾਲਾ ਸੌਂ ਰਿਹਾ ਹੈ? ਰਮੇਸ਼ ਨੇ ਭਾਰਤੀ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀਨਿਵਾਸ ਬੀਵੀ ਵੱਲੋਂ ਟਵਿੱਟਰ ’ਤੇ ਪੋਸਟ ਕੀਤੀ ਇੱਕ ਵੀਡੀਓ ਸਾਂਝੀ ਕੀਤੀ ਜਿਸ ’ਚ ਦਿੱਲੀ ’ਚ ਫਿਲਪੀਨਜ਼ ਦੇ ਦੂਤਾਵਾਸ ’ਚ ਇੱਕ ਮਿਨੀ ਵੈਨ ਆਕਸੀਜਨ ਸਿਲੰਡਰ ਨਾਲ ਦਾਖਲ ਹੁੰਦੀ ਦਿਖਾਈ ਦਿੰਦੀ ਹੈ। ਜੈਸ਼ੰਕਰ ਨੇ ਟਵੀਟ ਕੀਤਾ, ‘ਮੰਤਰਾਲੇ ਨੇ ਫਿਲਪੀਨਜ਼ ਦੇ ਦੂਤਾਵਾਸ ਨਾਲ ਸੰਪਰਕ ਕੀਤਾ। ਇਹ ਅਣਚਾਹੀ ਸਪਲਾਈ ਸੀ ਅਤੇ ਉੱਥੇ ਕੋਈ ਕੋਵਿਡ-19 ਦਾ ਕੇਸ ਨਹੀਂ ਸੀ। ਸਪੱਸ਼ਟ ਹੈ ਕਿ ਇਹ ਤੁਹਾਡੇ ਵੱਲੋਂ ਸਸਤੀ ਸ਼ੋਹਰਤ ਹਾਸਲ ਕਰਨ ਲਈ ਕੀਤਾ ਗਿਆ ਸੀ।