ਪਟਿਆਲਾ, 25 ਜੁਲਾਈ 2020 – 5 ਕਰੋੜ ਦੀ ਲਾਗਤ ਨਾਲ 2 ਏਕੜ ਚ ਨਵੀਂ ਤਿਆਰ ਹੋਈ ਪਟਿਆਲਾ ਰੇਹੜੀ ਮਾਰਕੀਟ ਦੀ ਸ਼ਿਫਟਿੰਗ ਦੇ ਵਿਰੋਧ ਵਿਚ ਸੈਂਕੜੇ ਦੀ ਗਿਣਤੀ ਚ ਰੇਹੜੀ ਦਾਰਾਂ ਨੇ ਪਟਿਆਲਾ ਨਗਰ ਨਿਗਮ ਦੇ ਵਿਰੁੱਧ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ। ਵਿਵਾਦਾਂ ਵਿਚ ਘਿਰੇ ਹੋਣ ਕਰਕੇ 1 ਅਗਸਤ ਨੂੰ ਸਿਫ਼ਟ ਹੋਣ ਵਾਲੀ ਰੇਹੜੀ ਮਾਰਕੀਟ ਦੀ ਸ਼ਿਫ਼ਟਿੰਗ ਤੇ ਪ੍ਰਸ਼ਨ ਚਿੰਨ ਲਗਾ ਦਿੱਤਾ ਹੈ।
ਕੀ ਹੈ ਮਾਮਲਾ –
ਮੌਜੂਦਾ ਸਮੇਂ ਵਿਚ ਪਟਿਆਲਾ ਦੇ ਰਾਘੋ ਮਾਜਰਾ ਸਥਿਤ ਸਬਜ਼ੀ ਮੰਡੀ ‘ਚ ਖੜੀਆਂ ਹੋਣ ਵਾਲੀਆਂ ਰੇਹੜੀਆਂ ਨਾਲ ਆ ਰਹੀਆਂ ਸਮੱਸਿਆਵਾਂ ਕਾਰਨ ਸਥਾਨਕ ਰਿਹਾਇਸ਼ੀ ਇਲਾਕਾ ਨਿਵਾਸੀਆਂ ਅਤੇ ਟ੍ਰੈਫਿਕ ਪੁਲਿਸ ਵਿਭਾਗ ਵੱਲੋਂ ਨਗਰ ਨਿਗਮ ਤੇ ਇਕ ਲੰਮੇ ਅਰਸੇ ਤੋਂ ਦਬਾਅ ਪਾਇਆ ਜਾ ਰਿਹਾ ਸੀ ਕਿ ਟਰੈਕਰ ਮਾਰਕੀਟ ਦੀ ਤਰਜ ਤੇ ਰੇਹੜੀ ਮਾਰਕੀਟ ਨੂੰ ਵੀ ਸ਼ਹਿਰ ਤੋਂ ਬਾਹਰੀ ਥਾਂ ਤੇ ਸ਼ਿਫਟ ਕੀਤਾ ਜਾਵੇ, ਜਿਸ ਦੇ ਆਧਾਰ ਤੇ ਸਾਲ 2018-19 ਵਿਚ ਨਗਰ ਨਿਗਮ ਵੱਲੋਂ ਇਕ ਪਾਲਿਸੀ ਤਿਆਰ ਕਰਕੇ ਸਟ੍ਰੀਟ ਵੈਂਡਰ ਸਰਵੇ ਕਰਵਾਇਆ ਗਿਆ ਸੀ। ਕਾਰਪੋਰੇਸ਼ਨ ਸੂਤਰਾਂ ਅਨੁਸਾਰ ਇਸ ਸਰਵੇ ਦੇ ਮੁਤਾਬਿਕ ਪਟਿਆਲਾ ਜ਼ਿਲ੍ਹੇ ਵਿਚ 4025 ਵੈਂਡਰਾਂ ਦੀ ਸ਼ਨਾਖ਼ਤ ਕਾਰਪੋਰੇਸ਼ਨ ਵੱਲੋਂ ਕਰ ਕੇ ਇਨਾਂ ਨੂੰ ਸ਼ਨਾਖਤੀ ਕਾਰਡ ਵੀ ਜਾਰੀ ਕੀਤੇ ਗਏ ਸੀ। ਨਿਗਮ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸੀ ਪਾਲਿਸੀ ਦੇ ਤਹਿਤ ਸਾਲ 2018-19 ਪੰਜਾਬ ਸਰਕਾਰ ਵੱਲੋਂ ਆਦੇਸ਼ ਜਾਰੀ ਕਰ ਦਿੱਤੇ ਗਏ ਸਨ ਕਿ ਇਨਾਂ ਰੇਹੜੀਦਾਰਾਂ ਨੂੰ ਰਾਘੋ ਮਾਜਰਾ ਸਥਿਤ ਸਬਜ਼ੀ ਮੰਡੀ ਤੋਂ ਸ਼ਿਫ਼ਟ ਕੀਤਾ ਜਾਵੇਗਾ। ਜਿਸਦੇ ਚਲਦੇ ਪਟਿਆਲਾ ਵਿਚ ਹੀ ਮਾਈ ਜੀ ਦੀ ਸਰਾਂ ਦੇ ਕੋਲ 14 ਅਗਸਤ 2019 ਨੂੰ ਕਾਰਪੋਰੇਸ਼ਨ ਵੱਲੋਂ ਨਵੀਂ ਰੇਹੜੀ ਮਾਰਕੀਟ ਦਾ ਨੀਂਹ ਪੱਥਰ ਵੀ ਰੱਖਿੱਆ ਗਿਆ ਸੀ ਅਤੇ ਲਗਭਗ 2 ਏਕੜ ਦੀ ਥਾਂ ਤੇ 5 ਕਰੋੜ ਦੀ ਲਾਗਤ ਨਾਲ ਨਵੀਂ ਰੇਹੜੀ ਮਾਰਕੀਟ ਬਣਾਈ ਗਈ ਹੈ।