ਬਠਿੰਡਾ, 1 ਅਕਤੂਬਰ 2020 – ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਸੰਸਦੀ ਹਲਕੇ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਾਨੂੰਨਾਂ ਨੂੰ ਕਾਲੇ ਕਰਾਰ ਦਿੰਦਿਆਂ ਇਨ੍ਹਾਂ ਦੀ ਵਾਪਸੀ ਤੱਕ ਲੜਾਈ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਸੰਸਦ ਮੈਂਬਰ ਪਿੰਡ ਬਾਦਲ ਤੋਂ ਚੱਲ ਕੇ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਪੁੱਜੇ ਸਨ ਜਿੱਥੇ ਉਨ੍ਹਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਅਰਦਾਸ ਕੀਤੀ ਅਤੇ ਮਾਰਚ ਸ਼ੁਰੂ ਕੀਤਾ ਇਸ ਤੋਂ ਪਹਿਲਾਂ ਪਿਡ ਬਾਦਲ ਵਿਖੇ ਵੱਡੀ ਗਿਣਤੀ ਅਕਾਲੀ ਵਰਕਰਾਂ ਅਤੇ ਅਹੁਦੇਦਾਰਾਂ ਨੇ ਬੀਬੀ ਬਾਦਲ ਨੂੰ ਨਵੇਂ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਮੋਢੇ ਨਾਲ ਮੋਢਾ ਜੋੜ ਕੇ ਲੜਨ ਦਾ ਵਿਸ਼ਵਾਸ਼ ਦਿਵਾਇਆ। ਤਲਵੰਡੀ ਸਾਬੋ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਨਵੇਂ ਕਿਸਾਨ ਮਾਰੂ ਕਾਨੂੰਨਾਂ ਦੇ ਖੇਤੀ ਖੇਤਰ ਦੇ ਨਾਲ ਨਾਲ ਸਮਾਜ ਦ ਹਰ ਵਰਗ ਲਈ ਤਬਾਹਕੁੰਨ ਸਿੱਟੇ ਨਿੱਕਲਣਗੇ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਹੀ ਕਿਸਾਨਾਂ ਦੀ ਲੜਾਈ ਲੜੀ ਹੈ ਇਸ ਲਈ ਹੁਣ ਨਵੇਂ ਕਾਨੂੰਨਾਂ ਖਿਲਾਫ ਆਰ ਪਾਰ ਦੀ ਲੜਾਈ ਸ਼ੁਰੂ ਕਰ ਦਿੱਤੀ ਹੈ ਜਿਸ ਦੀ ਸ਼ੁਰੂਆਤ ਅੱਜ ਅਰਦਾਸ ਕਰਨ ਉਪਰੰਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ਕੇਂਦਰ ਸਰਕਾਰ ਨੇ ਕਿਸਾਨਾਂ ,ਮਜਦੂਰਾਂ,ਵਪਾਰੀਆਂ ਅਤੇ ਹੋਰ ਵਰਗਾਂ ਨੂੰ ਤਬਾਹ ਕਰਨ ਵਾਲੇ ਬਿੱਲ ਲੈ ਆਂਦੇ ਤਾਂ ਉਹ ਫੌਰੀ ਤੌਰ ਤੇ ਵਜ਼ੀਰੀ ਨੂੰ ਠੋਕਰ ਮਾਰ ਕੇ ਪੰਜਾਬ ਦੇ ਲੋਕਾਂ ਨਾਲ ਖੜ ਗਏ ਹਨ। ਬੀਬਾ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਜੜਾਂ ਹਿਲਾਉਣ ਲਈ ਕੀਤਾ ਜਾ ਰਿਹਾ ਇਹ ਰੋਸ ਮਾਰਚ ਤਲਵੰਡੀ ਸਾਬੋ ਤੋਂ ਚੱਲ ਕੇ ਵਾਇਆ ਮੌੜ ਮੰਡੀ, ਰਾਮਪੁਰਾ, ਤਪਾ, ਬਰਨਾਲਾ, ਸੰਗਰੂਰ, ਭਵਾਨੀਗੜ ਹੁੰਦਾ ਹੋਇਆ ਪਟਿਆਲਾ, ਰਾਜਪੁਰਾ ਅਤੇ ਜੀਰਕਪੁਰ ਰਾਹੀਂ ਚੰਡੀਗੜ੍ਹ ਪਹੁੰਚੇਗਾ ਜਿਸ ਵਿੱਚ ਲਗਭਗ 40 ਹਜ਼ਾਰ ਵਾਹਨ ਸ਼ਾਮਿਲ ਹੋਣਗੇ।
ਉਹਨਾਂ ਕਿਹਾ ਕਿ ਤਿੰਨੇ ਮਾਰਚ ਰਾਜਭਵਨ ਜਾਣਗੇ ਜਿੱਥੇ ਪੰਜਾਬ ਦੇ ਰਾਜਪਾਲ ਬੀ ਪੀ ਸਿੰਘ ਬਦਨੌਰ ਨੂੰ ਨਵੇਂ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਮੰਗ ਪੱਤਰ ਸੌਂਪਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਇਹ ਬਿੱਲ ਧੱਕੇ ਨਾਲ ਪਾਸ ਕੀਤੇ ਹਨ, ਜਿਨ੍ਹਾਂ ਨੂੰ ਵਾਪਿਸ ਕਰਵਾਕੇ ਹੀ ਪਿੱਛੇ ਹਟਿਆ ਜਾਏਗਾ। ਇਸ ਮੌਕੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ,ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ, ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ, ਜਗਮੀਤ ਬਰਾੜ, ਮੈਂਬਰ ਐਸਜੀਪੀਸੀ ਮੋਹਨ ਸਿੰਘ ਬੰਗੀ, ਅਤੇ ਹੋਰ ਪਾਰਟੀ ਆਗੂ ਸ਼ਾਮਲ ਸਨ ਜਿੰਨਾਂ ਦੇ ਨਾਲ ਗਿਣਤੀ ਪਾਰਟੀ ਆਗੂ ਤੇ ਵਰਕਰਾਂ ਨੇ ਅਕਾਲੀ ਦਲ ਦੇ ਕਿਸਾਨ ਮਾਰਚ ਵਿੱਚ ਸੈਂਕੜੇ ਵਾਹਨਾਂ ਰਾਹੀਂ ਸ਼ਮੂਲੀਅਤ ਕੀਤੀ।