ਸ੍ਰੀ ਮੁਕਤਸਰ ਸਾਹਿਬ, 2 ਅਕਤੂਬਰ 2020-ਖੇਤੀ ਆਰਡੀਨੈਂਸਾਂ ਨੂੰ ਲੈ ਕੇ ਚੰਡੀਗੜ੍ਹ ਵਿਖੇ ਪ੍ਰਦਰਸ਼ਨ ਕਰਨ ਪੁੱਜੇ ਸੁਖਬੀਰ ਬਾਦਲ, ਹਰਸਿਮਰਤ ਕੌਰ ਬਾਦਲ ਤੇ ਹੋਰ ਅਕਾਲੀ ਆਗੂਆਂ ਤੇ ਵਰਕਰਾਂ ’ਤੇ ਚੰਡੀਗੜ੍ਹ ਪੁਲਿਸ ਵੱਲੋਂ ਹਿਰਾਸਤ ’ਚ ਲੈਣ ਤੇ ਲਾਠੀਚਾਰਜ ਕਰਨ ਦੀ ਘਟਨਾ ’ਤੇ ਆਖ਼ਰਕਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਚੁੱਪੀ ਹੁਣ ਤੋੜ ਦਿੱਤੀ ਹੈ। ਬਾਦਲ ਨੇ ਅੱਜ ਸਵੇਰੇ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਅਕਾਲੀ ਵਰਕਰਾਂ ’ਤੇ ਚੰਡੀਗੜ੍ਹ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਦੀ ਘੋਰ ਨਿੰਦਾ ਕੀਤੀ ਤੇ ਇਸ ਪੂਰੇ ਘਟਨਾਕ੍ਰਮ ਨੂੰ ਲੋਕ ਰਾਜ ਦਾ ਕਾਲਾ ਦਿਨ ਦੱਸਿਆ। ਬਾਦਲ ਨੇ ਖੇਤੀ ਆਰਡੀਨੈਂਸਾਂ ਖ਼ਿਲਾਫ਼ ਅਕਾਲੀ ਵਰਕਰਾਂ ਦੇ ਡਟਣ ਦੀ ਗੱਲ ’ਤੇ ਵੀ ਜ਼ੋਰ ਦਿੱਤਾ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲਿਖਤੀ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਹੈ ਕਿ ਚੰਡੀਗੜ੍ਹ ਵਿਖੇ ਸ਼ਾਂਤਮਈ ਤਰੀਕੇ ਨਾਲ ਮੁਜ਼ਾਹਰਾ ਕਰ ਰਹੇ ਵਰਕਰਾਂ ’ਤੇ ਅਣਮਨੁੱਖੀ ਤਸ਼ੱਦਦ ਬੇਹੱਦ ਦੁੱਖਦਾਈ ਤੇ ਲੋਕ ਰਾਜ ਦਾ ਕਾਲਾ ਦਿਨ ਹੈ। ਇਸ ਤਸ਼ੱਦਦ ਦੇ ਖ਼ਿਲਾਫ਼ ਕਿਵੇਂ ਸ਼ਾਤਮਈ ਤਰੀਕੇ ਨਾਲ ਡਟੇ ਰਹਿਣਾ ਹੈ ਇਹ ਅਕਾਲੀ ਵਰਕਰਾਂ ਤੋਂ ਇਲਾਵਾ ਹੋਰ ਕੋਈ ਨਹੀਂ ਜਾਣਦਾ। ਜਿਸਦਾ ਮੁਜ਼ਾਹਰਾ ਚੰਡੀਗੜ੍ਹ ਪੁਲਿਸ ਦੀ ਧੱਕੇਸ਼ਾਹੀ ਖ਼ਿਲਾਫ਼ ਅਕਾਲੀ ਵਰਕਰਾਂ ਨੇ ਦਿੱਤਾ।