ਐਸ.ਏ.ਐਸ. ਨਗਰ, 01 ਅਕਤੂਬਰ 2020 – ਜਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿੱਚ ਝੋਨੇ ਦੀ ਫਸਲ ਖਰੀਦ ਕਰਨ ਲਈ ਸਥਾਪਿਤ ਕੀਤੇ ਮੰਡੀ ਯਾਰਡਾਂ ਵਿੱਚ 8023 ਮੀਟਰਿਕ ਝੋਨਾ ਪੁੱਜਿਆ। ਜਿਸ ਵਿੱਚੋਂ ਵੱਖ ਵੱਖ ਖਰੀਦ ਏਜੰਸੀਆਂ ਨੇ 7548 ਮੀਟਰਿਕ ਟਨ ਝੋਨੇ ਦੀ ਖਰੀਦ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਮੰਡੀਆਂ ਵਿੱਚ ਪੁੱਜੇ ਝੋਨੇ ਵਿੱਚੋਂ ਪਨਗ੍ਰੇਨ ਨੇ 1908 ਮੀਟ੍ਰਿਕ ਟਨ, ਮਾਰਕਫੈਡ ਨੇ 3367 ਮੀਟ੍ਰਿਕ ਟਨ, ਪਨਸਪ ਨੇ 506 ਮੀਟ੍ਰਿਕ ਟਨ, ਪੰਜਾਬ ਰਾਜ ਵੇਅਰ ਹਾਉਸਿੰਗ ਕਾਰਪੋਰੇਸ਼ਨ ਨੇ 1679 ਮੀਟ੍ਰਿਕ ਟਨ ਅਤੇ ਵਪਾਰੀਆਂ ਵੱਲੋਂ 88 ਮੀਟਰਿਕ ਝੋਨੇ ਦੀ ਖਰੀਦ ਕੀਤੀ ਗਈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਥਾਨਕ ਸਿਵਲ ਪ੍ਰਸ਼ਾਸਨ ਆਪਣੇ ਅਧਿਕਾਰ ਖੇਤਰ ਅਧੀਨ ਆਉਂਦੇ ਪਿੰਡਾਂ ਤੋਂ ਫਸਲ ਦੀ ਅੰਦਾਜ਼ਨ ਆਮਦ ਅਨੁਸਾਰ ਮੰਡੀਆਂ ਵਿੱਚ ਖਰੀਦ ਪ੍ਰਬੰਧ ਕਰਦੇ ਹਨ । ਪਰ ਗੁਆਂਢੀ ਰਾਜ ਦੀ ਸਰਹੱਦ ਨਾਲ ਲੱਗਦੀਆਂ ਮੰਡੀਆਂ ਵਿਚ ਸਥਾਨਕ ਕਮਿਸ਼ਨ ਏਜੰਟਾਂ ਰਾਹੀਂ ਦੂਜੇ ਰਾਜ ਤੋਂ ਝੋਨੇ ਦੀ ਆਮਦ ਹੋਣ ਕਰਕੇ ਖਰੀਦ ਪ੍ਰਕਿਰਿਆ ਵਿਚ ਰੁਕਾਵਟ ਆਉਣ ਦਾ ਖਦਸ਼ਾ ਬਣ ਜਾਂਦਾ ਹੈ । ਇਸ ਉਲੰਘਣਾ ਨੂੰ ਰੋਕਣ ਲਈ ਪੁਲਿਸ ਅਧਿਕਾਰੀਆਂ ਵੱਲੋਂ ਵਿਸ਼ੇਸ਼ ਅੰਤਰ-ਰਾਜੀ ਸਰਹੱਦੀ ਚੈਕ-ਪੁਆਇੰਟ ਸਥਾਪਤ ਕੀਤੇ ਗਏ ਹਨ ਤਾਂ ਜੋ ਜ਼ਿਲ੍ਹੇ ਵਿੱਚ ‘ਹੋਰਨਾਂ ਸੂਬਿਆਂ ਤੋਂ ਝੋਨਾ’ ਨਾ ਆ ਸਕੇ ਅਤੇ ਸਥਾਨਕ ਕਿਸਾਨਾਂ ਦੇ ਝੋਨੇ ਦੀ ਨਿਰਵਿਘਨ ਖਰੀਦ ਹੋ ਸਕੇ । ਉਨ੍ਹਾਂ ਦੱਸਿਆ ਕਿ ਮਾਰਕੀਟ ਕਮੇਟੀਆਂ / ਆੜ੍ਹਤੀਆਂ ਅਤੇ ਖਰੀਦ ਏਜੰਸੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਕਿਸਾਨਾਂ, ਮਜ਼ਦੂਰਾਂ ਅਤੇ ਸਟਾਫ਼ ਲਈ ਲੋੜੀਂਦੇ ਸਾਬਣ, ਸੈਨੇਟਾਈਜ਼ਰ ਅਤੇ ਮਾਸਕਾਂ ਦੀ ਵਿਵਸਥਾ ਕਰਨ ਅਤੇ ਮੰਡੀਆਂ ਵਿੱਚ ਸੋਡੀਅਮ ਹਾਈਪੋਕਲੋਰਾਈਟ ਦਾ ਸਪ੍ਰੇ ਵੀ ਯਕੀਨੀ ਬਣਾਉਣਗੇ। ਮੰਡੀਆਂ ਵਿੱਚ ਕੋਵਿਡ-19 ਦੇ ਸੁਰੱਖਿਆ ਪ੍ਰੋਟੋਕੋਲ ਨੂੰ ਲਾਗੂ ਕਰਵਾਉਣ ਵਿੱਚ ਖੁਸ਼ਹਾਲੀ ਦੇ ਰਾਖੇ (ਜੀ.ਓ.ਜੀਜ਼) ਦਾ ਸਹਿਯੋਗ ਲਿਆ ਜਾ ਰਿਹਾ ਹੈ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੂਰੀ ਤਰ੍ਹਾਂ ਪੱਕੀ ਹੋਈ ਅਤੇ ਸੁੱਕੀ ਫ਼ਸਲ ਹੀ ਮੰਡੀਆਂ ਵਿੱਚ ਲੈ ਕੇ ਆਉਣ ਤਾਂ ਜੋ ਸੁਚਰੂ ਅਤੇ ਨਿਰਵਿਘਨ ਖ਼ਰੀਦ ਨੂੰ ਯਕੀਨੀ ਬਣਾਇਆ ਜਾ ਸਕੇ। ਕਿਸਾਨ ਇਹ ਵੀ ਯਕੀਨੀ ਬਣਾਉਣ ਕਿ ਪੰਜਾਬ ਦੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਉਹ ਝੋਨੇ ਦੀ ਪਰਾਲੀ / ਰਹਿੰਦ ਨੂੰ ਅੱਗ ਨਹੀਂ ਲਗਾਉਣਗੇ।