ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਾਰਜਕਾਲ ਅੱਜ ਖਤਮ ਹੋ ਰਿਹਾ ਹੈ। ਕੁੱਝ ਘੰਟਿਆਂ ਬਾਅਦ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਬਣ ਜਾਣਗੇ। ਇਸਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਨੇ ਵਿਦਾਈ ਭਾਸ਼ਣ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਆਪਣੀ ਸਰਕਾਰ ਦੀਆਂ ਉਪਲੱਬਧੀਆਂ ਗਿਣਾਈਆਂ ਅਤੇ ਜਾਂਦੇ-ਜਾਂਦੇ ਬਾਈਡੇਨ ਨੂੰ ਜਿੱਤ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।ਆਪਣੇ ਵਿਦਾਈ ਭਾਸ਼ਣ ਵਿੱਚ ਟਰੰਪ ਨੇ ਕਿਹਾ ਕਿ ਅਸੀਂ ਅਮਰੀਕਾ ਦੀ ਤਾਕਤ ਨੂੰ ਘਰ ਵਿਚ ਕਾਇਮ ਕੀਤਾ ਅਤੇ ਬਾਹਰ ਵੀ ਅਮਰੀਕੀ ਅਗਵਾਈ ਨੂੰ ਨਵੀਂਆਂ ਚੁਣੌਤੀਆਂ ਤੱਕ ਲੈ ਗਏ। ਅਸੀਂ ਦੁਨੀਆ ਨੂੰ ਚੀਨ ਖਿਲਾਫ਼ ਇਕੱਠੇ ਕੀਤਾ ਹੈ। ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। ਟਰੰਪ ਨੇ ਕਿਹਾ ਕਿ ਰਾਸ਼ਟਰਪਤੀ ਵਜੋਂ ਸੇਵਾਵਾਂ ਦੇਣਾ ਬਹੁਤ ਸਨਮਾਨ ਵਾਲੀ ਗੱਲ ਹੈ ਤੇ ਇਸ ਖਾਸ ਅਧਿਕਾਰ ਲਈ ਤੁਹਾਡਾ ਧੰਨਵਾਦ। ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਸੁਰੱਖਿਅਤ ਰੱਖਣ ਲਈ ਉਹ ਬਾਈਡੇਨ ਦੀ ਸਫ਼ਲਤਾ ਦੀ ਕਾਮਨਾ ਕਰਦੇ ਹਨ। ਅਸੀਂ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹਾਂ ਤੇ ਚਾਹੁੰਦੇ ਹਾਂ ਕਿ ਉਹ ਖੁਸ਼ਕਿਸਮਤ ਰਹਿਣ।ਜ਼ਿਕਰਯੋਗ ਹੈ ਕਿ ਟਰੰਪ ਨੇ ਅਮਰੀਕੀ ਸੰਸਦ ਵਿਚ ਹੋਈ ਹਿੰਸਾ ਦੀ ਨਿੰਦਾ ਵੀ ਕੀਤੀ। ਵਿਦਾਈ ਭਾਸ਼ਣ ਵਿਚ ਟਰੰਪ ਨੇ 20 ਜਨਵਰੀ 2017 ਤੋਂ 20 ਜਨਵਰੀ 2021 ਤੱਕ ਦੀਆਂ ਅਮਰੀਕੀ ਸਰਕਾਰ ਦੀਆਂ ਅਹਿਮ ਉਪਲੱਬਧੀਆਂ ਦਾ ਜ਼ਿਕਰ ਕੀਤਾ।