ਮਾਨਸਾ, 29 ਸਤੰਬਰ:ਪੰਜਾਬ ਸਰਕਾਰ ਵੱਲੋਂ ਜ਼ਿਲਾ ਮਾਨਸਾ ਦੇ ਪਿੰਡਾਂ ਵਿਚ ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਅਤੇ ਬੱਚਿਆਂ ਤੇ ਨੌਜਵਾਨ ਪੀੜੀ ਦੇ ਖੇਡ ਹੁਨਰ ਵਿੱਚ ਵਧੇਰੇ ਨਿਖਾਰ ਲਿਆਉਣ ਦੇ ਉਦੇਸ਼ ਨਾਲ ਬਲਾਕਾਂ ਦੇ ਚੋਣਵੇਂ ਪਿੰਡਾਂ ਵਿੱਚ ਖੇਡ ਸਟੇਡੀਅਮਾਂ ਦਾ ਨਿਰਮਾਣ ਕਰਨ ਦੀ ਪ੍ਰਕਿਰਿਆ ਪ੍ਰਗਤੀ ਅਧੀਨ ਹੈ। ਇਹ ਜਾਣਕਾਰੀ ਦਿੰਦਿਆਂ ਐਡੀਸ਼ਨਲ ਡਿਪਟੀ ਕਮਿਸ਼ਨਰ ਵਿਕਾਸ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ 2 ਅਕਤੂਬਰ ਨੂੰ ਇਨਾਂ ਖੇਡ ਸਟੇਡੀਅਮਾਂ ਦਾ ਪੜਾਅਵਾਰ ਉਦਘਾਟਨ ਕਰਨ ਦੀ ਪ੍ਰਕਿਰਿਆ ਹੋਵੇਗੀ ਜਿਸ ਤਹਿਤ ਜ਼ਿਲੇ ਵਿੱਚ ਪਹਿਲੇ ਪੜਾਅ ਤਹਿਤ 5 ਖੇਡ ਸਟੇਡੀਅਮ ਕੋਵਿਡ ਦੀਆਂ ਸਿਹਤ ਸਲਾਹਾਂ ਦੀ ਪਾਲਣਾ ਕਰਦਿਆਂ ਰਸਮੀ ਤੌਰ ’ਤੇ ਖਿਡਾਰੀਆਂ ਨੂੰ ਸਮਰਪਿਤ ਕਰ ਦਿੱਤੇ ਜਾਣਗੇ।
ਉਨਾਂ ਦੱਸਿਆ ਕਿ ਭੈਣੀ ਬਾਘਾ, ਰਾਏਪੁਰ, ਆਹਲੂਪੁਰ ਅਤੇ ਖੀਵਾ ਕਲਾਂ ਵਿਖੇ 1- 1 ਏਕੜ ਵਿੱਚ ਜਦਕਿ ਬੀਰੋਕੇ ਕਲਾਂ ਵਿਖੇ 2 ਏਕੜ ਵਿੱਚ ਖੇਡ ਸਟੇਡੀਅਮ ਬਣੇਏ ਗਏ ਹਨ। ਅੱਜ ਇਸ ਸਬੰਧੀ ਜ਼ਿਲਾ ਪਰਿਸ਼ਦ ਵਿਖੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਵੀ ਕੀਤੀ ਗਈ ਹੈ। ਏਡੀਸੀ ਨੇ ਦੱਸਿਆ ਕਿ ਪਹਿਲੇ ਪੜਾਅ ਤਹਿਤ ਬਲਾਕ ਮਾਨਸਾ ਦੇ ਪਿੰਡ ਭੈਣੀ ਬਾਘਾ, ਭੀਖੀ ਦੇ ਪਿੰਡ ਖੀਵਾ ਕਲਾਂ, ਬੁਢਲਾਡਾ ਦੇ ਪਿੰਡ ਬੀਰੋਕੇ ਕਲਾਂ, ਝੁਨੀਰ ਦੇ ਪਿੰਡ ਰਾਏਪੁਰ ਅਤੇ ਬਲਾਕ ਸਰਦੂਲਗੜ ਦੇ ਪਿੰਡ ਆਹਲੂਪੁਰ ਵਿਖੇ ਖੇਡ ਸਟੇਡੀਅਮ ਦਾ ਆਨਲਾਈਨ ਉਦਘਾਟਨ ਕੀਤਾ ਜਾਵੇਗਾ। ਮੀਟਿੰਗ ਦੌਰਾਨ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਰਬਜੀਤ ਸਿੰਘ ਤੇ ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਜਗਰੂਪ ਸਿੰਘ ਵੀ ਹਾਜ਼ਰ ਸਨ।