ਸ੍ਰੀ ਮੁਕਤਸਰ ਸਾਹਿਬ, 29 ਸਤੰਬਰ 2020-ਸਥਾਨਕ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਤੇ ਵਿਧਾਇਕ ਕੰਵਰਜੀਤ ਸਿੰਘ ਰੋਜੀ ਬਰਕੰਦੀ ਦੀ ਅਗਵਾਈ ਵਿਚ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਨ ਲਈ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਪਹੁੰਚੇ। ਮੀਟਿੰਗ ਨੂੰ ਸੰਬੋਧਨ ਕਰਦਿਆ ਕੰਵਰਜੀਤ ਸਿੰਘ ਰੋਜੀ ਬਰਕੰਦੀ, ਹਰਦੀਪ ਸਿੰਘ ਡਿੰਪੀ ਢਿੱਲੋਂ, ਹਰਪ੍ਰੀਤ ਸਿੰਘ ਕੋਟਭਾਈ, ਤੇਜਿੰਦਰ ਸਿੰਘ ਮਿੱਡੂਖੇੜਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸਾਨਾਂ ਦੇ ਹੱਕ ਵਿਚ ਜੋਂ ਸੰਘਰਸ਼ ਵਿੱਢਿਆ ਗਿਆ ਹੈ ਉਸ ਸੰਘਰਸ਼ ਵਿਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਚਾਰਾਂ ਹਲਕਿਆਂ ਦੇ ਵਰਕਰ ਵੱਧ ਚੜ੍ਹ ਕੇ ਭਾਗ ਲੈਣਗੇ। 1 ਅਕਤੂਬਰ ਨੂੰ ਹੋਣ ਵਾਲਾ ਕਿਸਾਨ ਮਾਰਚ ਜੋ ਕਿ ਚੰਡੀਗੜ੍ਹ ਵਿਖੇ ਪਹੁੰਚੇਗਾ, ਵਿੱਚ ਹਜ਼ਾਰਾਂ ਦੀ ਗਿਣਤੀ ’ਚ ਵਰਕਰ ਸ਼ਮੂਲੀਅਤ ਕਰਨਗੇ। ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਕਿਸਾਨ ਭਰਾਵਾਂ ਦਾ ਸਾਥ ਦੇਣ ਦਾ ਫੈਸਲਾ ਕੀਤਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਇਸ ਗਲ ਦਾ ਗਵਾਹ ਹੈ ਕਿ ਪਾਰਟੀ ਨੇ ਪੰਜਾਬ ਅਤੇ ਪੰਜਾਬੀਅਤ ਨੂੰ ਪਹਿਲ ਦਿੱਤੀ ਹੈ ।ਉਨ੍ਹਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਤੇ ਦੋਗਲੀ ਨੀਤੀ ਅਪਨਾਉਣ ਦੇ ਦੋਸ਼ ਵੀ ਲਾਏ । ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜਦ ਖੇਤੀ ਵਿਰੋਧੀ ਬਿੱਲਾਂ ਦੇ ਵਿਰੋਧ ਦੀ ਗੱਲ ਆਈ ਤਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਕਿਤੇ ਨਜ਼ਰ ਨਹੀਂ ਆਈਆ ਅਤੇ ਉਨ੍ਹਾਂ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸਦਾ ਵਿਰੋਧ ਕੀਤਾ। ਭਾਜਪਾ ’ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਸ਼ੁਰੂ ਤੋਂ ਕੋਸ਼ਿਸ ਕੀਤੀ ਕਿ ਇੰਨ੍ਹਾਂ ਖੇਤੀ ਆਰਡੀਨੈਸਾਂ ਨੂੰ ਕਿਸਾਨਾਂ ਨਾਲ ਵਿਚਾਰਿਆ ਜਾਵੇ ਅਤੇ ਜੋਂ ਲੋੜੀਂਦੀਆਂ ਸੋਧਾਂ ਉਹ ਕੀਤੀਆਂ ਜਾਣ। ਉਹਨਾਂ ਦੀ ਕੋਸ਼ਿਸਾਂ ਜਦ ਕਾਮਯਾਬ ਨਾ ਹੋਈਆਂ ਤਾਂ ਉਹਨਾਂ ਕਿਸਾਨਾਂ ਦੇ ਹੱਕ ਵਿਚ ਖੜਦਿਆ ਅਸਤੀਫ਼ਾ ਦਿੱਤਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਕਿਸਾਨੀ ਨੂੰ ਪਹਿਲ ਦਿੱਤੀ ਹੈ। ਹਰਸਿਮਰਤ ਕੌਰ ਬਾਦਲ ਨੇ ਅਪੀਲ ਕੀਤੀ 1 ਅਕਤੂਬਰ ਦੇ ਕਿਸਾਨ ਮਾਰਚ ਵਿਚ ਵੱਡੀ ਗਿਣਤੀ ’ਚ ਵਰਕਰ ਸ਼ਿਰਕਤ ਕਰਨ। ਸੰਬੋਧਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕੇਂਦਰ ਸਰਕਾਰ ਨੂੰ ਕਿਹਾ ਕਿ ਰੇਡੀਓ ਟੀਵੀ ’ਤੇ ਗੱਲਾਂ ਕਰਨ ਨਾਲੋਂ ਪਟੜੀਆਂ ’ਤੇ ਬੈਠੇ ਕਿਸਾਨਾਂ ਦੀ ਗੱਲ ਸੁਣਨ। ਉਨ੍ਹਾਂ ਕਿਹਾ ਕਿ ਉਹਨਾਂ ਨੇ ਆਪਣਾ ਅਸਤੀਫਾ ਕਿਸਾਨਾਂ ਲਈ ਦਿੱਤਾ ਹੈ। ਉਹਨਾਂ ਦੇ ਅਸਤੀਫ਼ੇ ’ਤੇ ਸਵਾਲ ਕਰਨ ਵਾਲੇ ਇਹ ਜਾਣ ਲੈਣ ਕੇ ਉਨ੍ਹਾਂ ਸੰਘਰਸ਼ ਵਿੱਚ ਕੁਝ ਛੱਡਿਆ ਹੀ ਹੈ। ਕਿਸਾਨਾਂ ਵਲੋਂ ਲਗਾਤਾਰ ਚਲ ਰਹੇ ਅਕਾਲੀ ਦਲ ਦੇ ਵਿਰੋਧ ਸਬੰਧੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਹ ਕਿਸਾਨਾਂ ਲਈ ਸੰਘਰਸ਼ ਕਰ ਰਹੇ ਤੇ ਇਹ ਜਾਰੀ ਰਹੇਗਾ।