ਫਰਿਜ਼ਨੋ (ਕੈਲੇਫੋਰਨੀਆ) 27 ਸਤੰਬਰ 2020-ਜਦੋਂ ਦੇ ਭਾਰਤ ਸਰਕਾਰ ਨੇ ਕਿਸਾਨ / ਮਜ਼ਦੂਰ ਵਿਰੋਧੀ ਬਿੱਲ ਪਾਸ ਕੀਤੇ ਹਨ ਓਦੋਂ ਤੋਂ ਹੀਪੰਜਾਬ, ਹਰਿਆਣਾ, ਯੂ.ਪੀ. ਆਦਿ ਸੂਬਿਆਂ ਵਿੱਚ ਕਿਸਾਨ ਮਜਦੂਰ ਸੰਘਰਸ਼ ਜ਼ੋਰ ਫੜ ਰਿਹਾ ਹੈ। ਇਸੇ ਸੰਘਰਸ਼ ਨੂੰ ਹੋਰ ਤਕੜਾ ਕਰਨ ਲਈਕੈਲੀਫੋਰਨੀਆਂ ਦੇ ਸ਼ਹਿਰ ਫਰਿਜ਼ਨੋ ਵਿਖੇ ਵੀ ਪੰਜਾਬੀਆਂ ਦਾ ਭਾਰੀ ਇਕੱਠ ਹੋਇਆ ਅਤੇ ਇਸ ਇਕੱਠ ਵਿੱਚ ਹਰਿਆਣਵੀਂ ਨੌਜਵਾਨਾਂ ਨੇ ਸ਼ਿਰਕਤ ਕਰਕੇ ਇਸ ਸੰਘਰਸ਼ ਨੂੰ ਹੋਰ ਵੀ ਨਰੋਆ ਬਣਾਇਆ। ਇਹ ਇਕੱਠ ਸਿਆਸੀ ਵਖਰੇਵਿਆਂ ਨੂੰ ਪਾਸੇ ਰੱਖਕੇ ਇੱਕ ਆਮ ਲੋਕਾਂ ਦਾ ਇਕੱਠ ਹੋ ਨਿਬੜਿਆ। ਇਸ ਮੌਕੇ ਬੋਲਣ ਵਾਲੇ ਬੁਲਾਰਿਆਂ ਨੇ ਮੋਦੀ ਸਰਕਾਰ ਦੀਆਂ ਪੰਜਾਬ ਵਿਰੋਧੀ ਅਤੇ ਕਿਸਾਨ / ਮਜ਼ਦੂਰ ਵਿਰੋਧੀ ਨੀਤੀਆਂ ਦਾ ਡਟਕੇ ਵਿਰੋਧ ਕੀਤਾ ਅਤੇ ਕਿਹਾ ਕਿ ਇਹ ਬਿੱਲ ਆਉਣ ਨਾਲ ਪੰਜਾਬ ਜਿਹੜਾ ਪਹਿਲਾਂ ਹੀ ਆਰਥਿਕ ਤੰਗੀ ਦੀ ਕੰਗਾਰ ‘ਤੇ ਖੜਾ ਹੈ ,ਹੋਰ ਬੁਰੀ ਤਰਾਂ ਨਾਲ ਪਿੰਜਿਆ ਜਾਵੇਗਾ। ਪੰਜਾਬ ਦੇ ਲੋਕ ਵੱਡੀ ਗਿਣਤੀ ਵਿਚ ਖੇਤੀਬਾੜੀ ਦੇ ਕਿੱਤੇ ਨਾਲ ਜੁੜੇ ਹੋਏ ਹਨ, ਪੰਜਾਬ ਦਾ ਮਜ਼ਦੂਰ ਕਿਸਾਨੀ ਦਾ ਅਹਿੰਮ ਅੰਗ ਹੈ। ਇਹ ਕਾਲੇ ਕਨੂੰਨਾਂ ਕਾਰਨ ਪੰਜਾਬ ਦਾ ਬੁਰਾ ਹਾਲ ਹੋ ਜਾਵੇਗਾ। ਬੁਲਾਰਿਆ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਣਾਏ ਗਏ ਤਿੰਨ ਖੇਤੀ ਵਿਰੋਧੀ ਕਾਨੂੰਨ , ਬਿਜਲੀ ਸੋਧ ਕਾਨੂੰਨ 2020 ਅਤੇ ਜ਼ਮੀਨ ਗ੍ਰਹਿਣ ਪ੍ਰਾਪਤੀ ਸੋਧ ਕਨੂੰਨ 2020 ਲਾਗੂ ਹੋਣ ਦੇ ਨਾਲ ਕਿਸਾਨਾਂ ਦੀਆਂ ਫਸਲਾਂ ਵਪਾਰੀਆਂ ਅਤੇ ਵੱਡੇ ਵਪਾਰਕ ਘਰਾਣਿਆਂ ਦੇ ਰਹਿਮੋ-ਕਰਮ ਤੇ ਰਹਿ ਜਾਣਗੀਆਂ। ਬਿਜਲੀ ਸੋਧ ਕਨੂੰਨ ਨਾਲ ਖੇਤੀ ਮੋਟਰਾਂ ਦੇ ਵੱਡੇ-ਵੱਡੇ ਬਿੱਲ ਆਉਣਗੇ ਅਤੇ ਖੇਤ ਮਜਦੂਰਾਂ ਨੂੰ ਮਿਲਦੀ ਘਰੇਲੂ ਬਿਜਲੀ ਬਿੱਲਾਂ ਤੇ ਸਬਸਿਡੀ ਖਤਮ ਹੋ ਜਾਵੇਗੀ।
ਉਨ੍ਹਾਂ ਕਿਹਾ ਕਿ ਇਸ ਤੋਂ ਬਿਨਾਂ ਕਿਸਾਨਾਂ ਵੱਲੋਂ ਸੰਘਰਸ਼ ਕਰਕੇ ਕੰਪਨੀਆਂ ਨੂੰ ਜ਼ਮੀਨ ਗ੍ਰਹਿਣ ਕਰ ਕੇ ਦੇਣ ਦੀ ਅੱਸੀ ਫੀਸਦੀ ਕਿਸਾਨਾਂ ਦੀ ਸਹਿਮਤੀ ਦੀਸ਼ਰਤ ਜ਼ਮੀਨ ਗ੍ਰਹਿਣ ਪ੍ਰਾਪਤੀ ਕਾਨੂੰਨ ਵਿੱਚ ਸੋਧ ਕਰਕੇ ਖਤਮ ਕਰ ਦਿੱਤੀ ਗਈ ਹੈ। ਉਨ੍ਹਾਂ ਆਖਿਆ ਕਿ ਇਨ੍ਹਾਂ ਸਾਰੇ ਕਾਨੂੰਨਾਂ ਦੇ ਲਾਗੂ ਹੋਣ ਦੇ ਨਾਲ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਛੱਡਣ ਲਈ ਮਜਬੂਰ ਹੋਣਾ ਪਵੇਗਾ ਅਤੇ ਵੱਡੀਆਂ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆ ਨੂੰ ਕਿਸਾਨਾਂ ਦੀਆਂ ਜ਼ਮੀਨਾਂ ਦੇ ਮਾਲਕ ਬਣ ਜਾਣਗੀਆਂ ।ਬੁਲਾਰਿਆਂ ਨੇ ਕਿਹਾ ਕਿ ਅਕਾਲੀ ਦਲ ਬਾਦਲ ਦੀ ਦੋਹਰੀ ਰਾਜਨੀਤੀ ਨੇ ਪੰਜਾਬ ਦੇ ਲੋਕਾਂ ਨੂੰ ਬੇਹੱਦ ਨਿਰਾਸ਼ ਕੀਤਾ ਹੈ। ਉਹਨਾਂ ਕਿਹਾ ਕਿ ਸਾਨੂੰ ਪਤਾ ਕਿ ਫਰਿਜ਼ਨੋ ਵਿਚਲੇ ਇਸ ਇਕੱਠ ਦਾ ਮੋਦੀ ਸਰਕਾਰ ਤੇ ਕੋਈ ਬਹੁਤਾ ਅਸਰ ਨਹੀਂ ਪਵੇਗਾ ‘ਲੇਕਿਨ ਅਸੀਂ ਸਾਰੇ ਪੰਜਾਬ ਦੇ ਪੁੱਤਰ ਹਾਂ ਅਤੇ ਕਿਸੇ ਨਾ ਕਿਸੇ ਪੱਖ ਚੋ ਕਿਰਸਾਨੀ ਨਾਲ ਜੁੜੇ ਹੋਏ ਹਾਂ । ਇਹ ਇਕੱਠ ਪੰਜਾਬ ਅੰਦਰ ਸੰਘਰਸ਼ ਕਰ ਰਹੇ ਕਿਸਾਨ / ਮਜ਼ਦੂਰ ਵੀਰਾ ਦੇ ਹੱਕ ਵਿੱਚ ਇੱਕ ਹਾਂ ਦਾ ਨਾਅਰਾ ਹੈ। ਇਸ ਇਕੱਠ ਨੂੰ ਹਰਿਆਣਵੀ ਨੌਜਵਾਨ ਧਰਮਵੀਰ ਨੇ ਵੀ ਸੰਬੋਧਨ ਕੀਤਾ ‘ਤੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਅਵਾਜ਼ ਬੁਲੰਦ ਕੀਤੀ। ਉਹਨਾ ਕਿਹਾ ਕਿ ਕੁਝ ਗਲਤ ਫਹਿਮੀਆਂ ਕਾਰਨ ਪੰਜਾਬੀ ‘ਤੇ ਹਰਿਆਣਵੀ ਨੌਜਵਾਨਾਂ ਵਿੱਚ ਜਿਵੇਂ ਵਿਦੇਸ਼ਾਂ ਵਿੱਚ ਲੜਾਈਆਂ ਹੋ ਰਹੀਆਹਨ, ਉਹ ਇਹਨਾਂ ਘਟਨਾਵਾਂ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਨ। ਇਸ ਪੂਰੇ ਸਮਾਗਮ ਦੌਰਾਨ ਸਟੇਜ਼ ਸੰਚਾਲਨ ਪੱਤਰਕਾਰ ਨੀਟਾ ਮਾਛੀਕੇ ਨੇ ਬਾਖੂਬੀ ਕੀਤਾ। ਅਤੇ ਅਖੀਰ ਵਿੱਚ ਮਨਜੀਤ ਸਿੰਘ ਪੱਤੜ ਨੇ ਸਭਨਾਂ ਦਾ ਧੰਨਵਾਦ ਕੀਤਾ ਅਤੇ ਲੋਕਾਂ ਨੇ ਰੋਹ ਵਿੱਚ ਆਕੇ ਭਾਰਤ ਸਰਕਾਰ ਮੁਰਦਾਬਾਦ ਦੇ ਨਾਅਰੇ ਵੀ ਲਗਾਏ। ਬੋਲਣ ਵਾਲੇ ਬੁਲਾਰਿਆਂ ਵਿੱਚ ਜਗਤਾਰ ਸਿੰਘ ਜੱਗੀ, ਅਮਰਜੀਤ ਸਿੰਘ ਦੌਧਰ, ਮਾਸਟਰ ਤਾਰਾ ਸਿੰਘ ਮਾਨ, ਪਰਮਜੀਤ ਸਿੰਘਹੇਰੀਆਂ, ਮਨਦੀਪ ਸਿੰਘ, ਰਾਜਵਿੰਦਰ ਸਿੰਘ ਬਰਾੜ, ਹਰਜੀਤ ਟਿਵਾਣਾ, ਆਦਿ ਦੇ ਨਾਮ ਜਿਕਰਯੋਗ ਹਨ। ਇਸ ਮੌਕੇ ਯਮਲਾ ਜੱਟ ਦੇ ਲਾਡਲੇ ਸ਼ਗਿਰਦਰਾਜ ਬਰਾੜ ਅਤੇ ਕਮਲਜੀਤ ਸਿੰਘ ਨੇ ਕ੍ਰਾਂਤੀਕਾਰੀ ਗੀਤਾ ਨਾਲ ਚੰਗਾ ਸਮਾਂ ਬੰਨਿਆ। ਅਖੀਰ ਲੋਕਾਂ ਨੇ ਚਾਹ ਪਕੌੜਿਆ ਦੇ ਲੰਗਰ ਦਾ ਖ਼ੂਬ ਅਨੰਦ ਮਾਣਿਆ ਤੇ ਅਮਿੱਟ ਪੈੜਾ ਛੱਡਦਾ ਯਾਦਗਾਰੀ ਹੋ ਨਿਬੜਿਆ।