ਐਸ ਏ ਐਸ ਨਗਰ, 19 ਸਤੰਬਰ – ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦਾ ਇੱਕ ਵਫਦ ਮਾਰਕੀਟ ਦੇ ਪ੍ਰਧਾਨ ਸ੍ਰ. ਸਰਬਜੀਤ ਸਿੰਘ ਪਾਰਸ ਦੀ ਅਗਵਾਈ ਹੇਠ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਕਮਲ ਕੁਮਾਰ ਗਰਗ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਮਾਰਕੀਟ ਵਿੱਚ ਸ਼ੋਰੂਮਾਂ ਦੇ ਸਾਮ੍ਹਣੇ ਲੱਗਦੀਆਂ ਫੜੀਆਂ ਵਾਲਿਆਂ ਦੇ ਖਿਲਾਫ ਕਰਵਾਈ ਕਰਕੇ ਇਸ ਥਾਂ ਤੇ ਜਬਰੀ ਕਬਜਾ ਕਰਕੇ ਬੈਠੇ ਫੜੀ ਵਾਲਿਆਂ ਨੂੰ ਚੁਕਵਾਇਆ ਜਾਵੇ|
ਇਸ ਮੌਕੇ ਸ੍ਰ. ਸਰਬਜੀਤ ਸਿੰਘ ਪਾਰਸ ਨੇ ਕਮਿਸ਼ਨਰ ਨੂੰ ਦੱਸਿਆ ਕਿ ਇਹ ਫੜੀਆਂ ਵਾਲੇ ਵੀ ਉਹੀ ਸਾਮਾਨ ਵੇਚਦੇ ਹਨ ਜਿਹੜਾਂ ਸ਼ੋਰੂਮਾਂ ਦੇ ਦੁਕਾਨਦਾਰਾਂ ਵਲੋਂ ਵੇਚਿਆ ਜਾਂਦਾ ਹੈ ਅਤੇ ਇਸ ਕਾਰਨ ਦੁਕਾਨਦਾਰਾਂ ਦਾ ਕੰਮ ਬੂਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ| ਉਨ੍ਹਾਂ ਕਿਹਾ ਕਿ ਇਹਨਾਂ ਫੜੀ ਵਾਲਿਆਂ ਵਿੱਚ ਕਈਆਂ ਵਲੋਂ ਸ਼ੋਰੂਮਾਂ ਦੀ ਬੇਸਮੈਂਟ ਜਾਂ ਪਹਿਲੀ ਅਤੇ ਦੂਜੀ ਮੰਜਿਲ ਵਿੱਚ ਸਾਮਾਨ ਰੱਖਣ ਲਈ ਕੋਈ ਕੇਬਿਨ ਕਿਰਾਏ ਤੇ ਲੈ ਲਿਆ ਜਾਂਦਾ ਹੈ ਅਤੇ ਉਸਨੂੰ ਆਧਾਰ ਬਣਾ ਕੇ ਇਹਨਾਂ ਵਲੋਂ ਸ਼ੋਰੂਮਾਂ ਦੇ ਸਾਮ੍ਹਣੇ ਵਾਲੀ ਥਾਂ ਤੇ ਕਬਜਾ ਕਰਕੇ ਆਪਣਾ ਸਾਮਾਨ ਵੇਚਿਆ ਜਾਂਦਾ ਹੈ|
ਇਸਦੇ ਨਾਲ ਹੀ ਵਫਦ ਦੇ ਮੰਗ ਕੀਤੀ ਕਿ ਮਾਰਕੀਟਾਂ ਦੇ ਵਿਕਾਸ ਦੇ ਕੰਮ ਤੁਰੰਤ ਸ਼ੁਰੂ ਕਰਵਾਏ ਜਾਣ| ਸ੍ਰ. ਸਰਬਜੀਤ ਸਿੰਘ ਨੇ ਕਿਹਾ ਕਿ ਮਾਰਕੀਟ ਦੀ ਪਾਰਕਿੰਗ ਬੁਰੀ ਤਰ੍ਹਾਂ ਟੁੱਟੀ ਹੋਈ ਹੈ ਅਤੇ ਸ਼ੋਰੂਮਾਂ ਦੇ ਸਾਮ੍ਹਣੇ ਲੱਗੇ ਲਾਲ ਪੱਥਰ ਵੀ ਟੁੱਟੇ ਹੋਏ ਹਨ| ਮਾਰਕੀਟਾਂ ਦੀ ਰੇਲਿੰਗ ਵੀ ਮਾੜੀ ਹਾਲਤ ਵਿੱਚ ਹੈ ਅਤੇ ਇਸਦੇ ਨਾਲ ਹੀ ਮਾਰਕੀਟ ਵਿਚਲੇ ਪਿਸ਼ਾਬਘਰਾਂ ਦਾ ਵੀ ਬੁਰਾ ਹਾਲ ਹੈ|
ਉਹਨਾਂ ਕਿਹਾ ਕਿ ਤਿਉਹਾਰਾਂ ਦਾ ਸੀਜਨ ਆ ਰਿਹਾ ਹੈ ਅਤੇ ਜਿਹੜਾਂ ਵੀ ਕੰਮ ਕਰਵਾਇਆ ਜਾਣਾ ਹੈ ਤੁਰੰਤ ਕਰਵਾਇਆ ਜਾਵੇ| ਉਹਨਾਂ ਕਿਹਾ ਕਿ ਮਾਰਕੀਟ ਵਿੱਚ ਕਰਵਾਏ ਜਾਣ ਵਾਲੇ ਕੰਮਾਂ ਦਾ ਹਲਕਾ ਵਿਧਾਇਕ ਅਤੇ ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਵਲੋਂ ਬਾਕਾਇਦਾ ਨੀਂਹ ਪੱਥਰ ਵੀ ਰੱਖਿਆ ਜਾ ਚੁੱਕਿਆ ਹੈ ਅਤੇ ਇਹ ਕੰਮ ਸ਼ੁਰੂ ਨਹੀਂ ਕੀਤੇ ਗਏ ਹਨ| ਉਹਨਾਂ ਕਿਹਾ ਕਿ ਸ਼ਹਿਰ ਦੀਆਂ ਜਿਆਦਾਤਰ ਮਾਰਕੀਟਾਂ ਦੀ ਹਾਲਤ ਖਰਾਬ ਹੈ ਅਤੇ ਇਹਨਾਂ ਦੇ ਵਿਕਾਸ ਕਾਰਜ ਤੁਰੰਤ ਸ਼ੁਰੂ ਕਰਵਾਏ ਜਾਣੇ ਚਾਹੀਦੇ ਹਨ|
ਇਸ ਮੌਕੇ ਕਮਿਸ਼ਨਰ ਵਲੋਂ ਵਫਦ ਨੂੰ ਭਰੋਸਾ ਦਿੱਤਾ ਗਿਆ ਕਿ ਨਿਗਮ ਵਲੋਂ ਇਸ ਸੰਬੰਧੀ ਤੁਰੰਤ ਲੋੜੀਂਦੀ ਕਾਰਵਾਈ ਨੂੰ ਯਕੀਨੀ ਕੀਤਾ ਜਾਵੇਗਾ| ਵਫਦ ਵਿੱਚ ਹੋਰਨਾਂ ਤੋਂ ਇਲਾਵਾ ਸ੍ਰ. ਭੁਪਿੰਦਰ ਸਿੰਘ, ਸ੍ਰ. ਸ਼ੇਰ ਸਿੰਘ, ਸ੍ਰ. ਧੰਨ ਸਿੰਘ ਅਤੇ ਸ੍ਰੀ ਦੀਪਕ ਅਗਰਵਾਲ ਵੀ ਹਾਜ਼ਿਰ ਸਨ