ਐਸ ਏ ਐਸ ਨਗਰ, 19 ਸਤੰਬਰ – ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਸ਼ਹਿਰ ਦੀਆਂ ਚਾਰ ਰਿਹਾਇਸ਼ੀ ਸੁਸਾਇਟੀਆਂ ਵਿਚ 1 ਕਰੋੜ 15 ਲੱਖ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ| ਇਸ ਮੌਕੇ ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਮੁਹਾਲੀ ਸ਼ਹਿਰ ਦੀ ਨੁਹਾਰ ਬਦਲਣ ਦਾ ਕੰਮ ਵੱਡੇ ਪੱਧਰ ਤੇ ਜਾਰੀ ਹੈ ਜਿਸ ਲਈ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਪਹਿਲਾਂ ਹੀ ਜਾਰੀ ਕੀਤੀਆਂ ਜਾ ਚੁੱਕੀਆਂ ਹਨ|
ਸ. ਸਿੱਧੂ ਨੇ ਫ਼ੇਜ਼ 2 ਵਿਖੇ ਆਰਮੀ ਫ਼ਲੈਟਸ ਸੁਸਾਇਟੀ ਵਿਚ ਪਾਰਕਾਂ ਦੇ ਵਿਕਾਸ ਅਤੇ ਐਲਈਡੀ ਸਟਰੀਟ ਲਾਈਟਾਂ ਅਤੇ ਜੋਗਿੰਦਰ ਵਿਹਾਰ ਫ਼ੇਜ਼ 2 ਵਿਚ ਪੇਵਰ ਬਲਾਕ ਅਤੇ ਐਸਡੀਬੀਸੀ ਪਾਉਣ ਲਈ 22 ਲੱਖ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ| ਇਸ ਤੋਂ ਇਲਾਵਾ ਗੁਰੂ ਤੇਗ ਬਹਾਦਰ ਸਹਿਕਾਰੀ ਸੁਸਾਇਟੀ ਸੈਕਟਰ 70 ਵਿਚ 12 ਲੱਖ ਰੁਪਏ ਦੀ ਲਾਗਤ ਵਾਲੇ ਕੰਮਾਂ ਦਾ ਨੀਂਹ ਪੱਥਰ ਰੱਖਿਆ ਜਿਸ ਵਿਚ ਪਾਰਕ ਦਾ ਵਿਕਾਸ, ਐਲਈਡੀ ਲਾਈਟਾਂ ਅਤੇ ਪੇਵਰ ਬਲਾਕ ਪਾਉਣਾ ਸ਼ਾਮਲ ਹੈ| ਇਸਦੇ ਨਾਲ ਹੀ ਸ੍ਰ. ਸਿੱਧੂ ਵਲੋਂ ਫ਼ੇਜ਼ 10 ਵਿਖੇ ਹਾਊਸਫ਼ੈਡ ਸੁਸਾਇਟੀ ਵਿਚ 60 ਲੱਖ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਗਿਆ ਜਿਸ ਵਿਚ ਪਾਰਕ ਦਾ ਵਿਕਾਸ, ਵੱਖ ਵੱਖ ਗਲੀਆਂ ਵਿਚ ਪੇਵਰ ਬਲਾਕ ਪਾਉਣਾ, ਐਲਈਡੀ ਸਟਰੀਟ ਲਾਈਟਾਂ ਲਾਉਣਾ ਸ਼ਾਮਲ ਹੈ| ਫ਼ੇਜ਼ 10 ਵਿਚ ਪੈਂਦੀ ਐਸ ਬੀ ਆਈ ਕਾਲੋਨੀ ਵਿਚ ਵੱਖ ਵੱਖ ਗਲੀਆਂ ਵਿਚ ਪੇਵਰ ਬਲਾਕ ਲਾਉਣ, ਐਸਡੀਬੀਸੀ ਪਾਉਣ ਸਮੇਤ ਹੋਰ ਸਬੰਧਤ ਕੰਮਾਂ ਦਾ ਨੀਂਹ ਪੱਥਰ ਰੱਖਿਆ ਜਿਨ੍ਹਾਂ ਤੇ ਲਗਭਗ 22 ਲੱਖ ਰੁਪਏ ਦਾ ਖ਼ਰਚਾ ਆਵੇਗਾ|
ਸਿਹਤ ਮੰਤਰੀ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਸ਼ਹਿਰ ਦੀਆਂ ਸੁਸਾਇਟੀਆਂ ਦਾ ਮੂੰਹ-ਮੁਹਾਂਦਰਾ ਬਦਲਣ ਦਾ ਉਪਰਾਲਾ ਕੀਤਾ ਗਿਆ ਹੈ| ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਕੰਮਾਂ ਲਈ ਵਰਤੀ ਜਾਣ ਵਾਲੀ ਸਮੁੱਚੀ ਸਮੱਗਰੀ ਉੱਚ ਮਿਆਰੀ ਹੋਵੇ ਅਤੇ ਇਹ ਵਿਕਾਸ ਕਾਰਜ ਛੇਤੀ ਤੋਂ ਛੇਤੀ ਮੁਕੰਮਲ ਕੀਤੇ ਜਾਣ| ਸਿਹਤ ਮੰਤਰੀ ਨੇ ਕਿਹਾ ਕਿ ਮਾਰਕੀਟਾਂ ਦਾ ਮੂੰਹ-ਮੁਹਾਂਦਰਾ ਬਦਲਣ ਦਾ ਸਿਲਸਿਲਾ ਪਹਿਲਾਂ ਹੀ ਤੇਜ਼ੀ ਨਾਲ ਚੱਲ ਰਿਹਾ ਹੈ|
ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਅਤੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਮਿਊਂਸਪਲ ਕਮਿਸ਼ਨਰ ਕਮਲ ਗਰਗ, ਐਸ.ਈ. ਮੁਕੇਸ਼ ਗਰਗ, ਸੀਨੀਅਰ ਕਾਂਗਰਸੀ ਆਗੂ ਕੁਲਜੀਤ ਸਿੰਘ ਬੇਦੀ, ਰਾਜਿੰਦਰ ਸਿੰਘ ਰਾਣਾ, ਅਮਰਜੀਤ ਸਿੰਘ ਜੀਤੀ ਸਿੱਧੂ-ਚੇਅਰਮੈਨ ਸਹਿਕਾਰੀ ਬੈਂਕ ਐਸ.ਏ.ਐਸ. ਨਗਰ, ਰਾਜਾ ਕੰਵਰਜੋਤ ਸਿੰਘ, ਅਮਰੀਕ ਸਿੰਘ ਸੋਮਲ, ਸੁਰਜੀਤ ਕੌਰ ਸੋਢੀ, ਐਡਵੋਕੇਟ ਨਰਪਿੰਦਰ ਸਿੰਘ ਰੰਗੀ, ਨਿਰਮਲ ਸਿੰਘ ਕੰਡਾ, ਡਿੰਪਲ ਸੱਭਰਵਾਲ, ਜਸਵਿੰਦਰ ਸ਼ਰਮਾ ਤੋਂ ਇਲਾਵਾ ਹੋਰ ਆਗੂ ਅਤੇ ਪਤਵੰਤੇ ਮੌਜੂਦ ਸਨ|