ਐਸ.ਏ.ਐਸ.ਨਗਰ, 14 ਸਤੰਬਰ – ਸਥਾਨਕ ਸਰਕਾਰੀ ਆਈ.ਟੀ.ਆਈ. (ਲੜਕੀਆਂ) ਵਿੱਚ ਅਗਾਮੀ ਸੈਸ਼ਨ 2020-21 ਲਈ ਦਾਖਲਾ ਪ੍ਰੋਗਰਾਮ ਨਿਰੰਤਰ ਜਾਰੀ ਹੈ ਜਿਸ ਦੌਰਾਨ ਇੰਜਨੀਅਰਿੰਗ ਅਤੇ ਨਾਨ ਇੰਜੀਨੀਅਰਿੰਗ ਟਰੇਡਾਂ ਲਈ ਇਲਾਕੇ ਦੀਆਂ ਲੜਕੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ|
ਇਸ ਸੰਬਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਬੁਲਾਰੇ ਨੇ ਦੱਸਿਆ ਕਿ ਕੋਵਿਡ-19 ਕੁਦਰਤੀ ਮਹਾਂਮਾਰੀ ਦੌਰਾਨ ਸੰਸਥਾ ਦੇ ਸਟਾਫ ਵੱਲੋਂ ਨੈਸ਼ਨਲ ਪੰਜਾਬੀ ਚੈਨਲ ਉੱਤੇ ਕਰਵਾਈ ਗਈ ਆਨਲਾਈਨ ਪੜ੍ਹਾਈ ਦਾ ਪੂਰੇ ਪੰਜਾਬ ਦੇ ਸਿਖਿਆਰਥੀਆਂ ਦੇ ਮਨਾਂ ਉੱਤੇ ਗਹਿਰਾ ਪ੍ਰਭਾਵ ਪਿਆ ਹੈ ਜਿਸ ਕਾਰਨ ਸਮੁੱਚੇ ਪੰਜਾਬ ਤੋਂ ਬੱਚੇ ਆਪਣੇ ਭਵਿੱਖ ਦੀ ਬਿਹਤਰ ਨਿਰਮਾਣ ਲਈ ਆਈ.ਟੀ.ਆਈ. ਮੁਹਾਲੀ ਵਿੱਚ ਦਾਖਲਾ ਲੈਣ ਨੂੰ ਤਰਜ਼ੀਹ ਦੇ ਰਹੇ ਹਨ|
ਉਹਨਾਂ ਦੱਸਿਆ ਕਿ ਇਸ ਸਾਲ ਸੰਸਥਾ ਵਿੱਚ ਇਲੈਕਟ੍ਰੋਨਿਕਸ ਮਕੈਨਿਕ, ਕੰਪਿਊਟਰ, ਡਰਾਫਟਸਮੈਨ ਸਿਵਲ ਅਤੇ ਮਕੈਨੀਕਲ, ਇੰਨਫਰਮੇਸ਼ਨ ਟੈਕਨਾਲੌਜੀ, ਪੰਜਾਬੀ ਅਤੇ ਅੰਗਰੇਜ਼ੀ ਸਟੈਨੋਗ੍ਰਾਫੀ, ਕਟਾਈ ਸਿਲਾਈ, ਕਢਾਈ, ਬਿਊਟੀ-ਪਾਰਲਰ, ਚਾਈਲਡ ਕੇਅਰ ਟੇਕਰ ਅਤੇ ਬਿਰਧ ਸਾਂਭ ਸੰਭਾਲ ਅਟੈਂਡੈਂਟ ਕੋਰਸਾਂ ਲਈ ਦਾਖਲਾ ਕੀਤਾ ਜਾ ਰਿਹਾ ਹੈ, ਜਿਨ੍ਹਾਂ ਲਈ ਯੋਗਤਾ ਪੰਜਵੀ ਪਾਸ, ਅੱਠਵੀ ਪਾਸ, ਦਸਵੀਂ ਪਾਸ ਅਤੇ 10+2 ਪਾਸ ਰੱਖੀ ਗਈ ਹੈ| ਉਨ੍ਹਾਂ ਕਿਹਾ ਕਿ ਅਨੁਸੂਚਿਤ ਜਾਤੀ ਅਤੇ ਕਮਜ਼ੋਰ ਵਰਗਾਂ ਲਈ ਸਰਕਾਰ ਵੱਲੋਂ ਜਿੱਥੇ ਪੂਰੀ ਫੀਸ ਮਾਫ ਕੀਤੀ ਗਈ ਹੈ, ਉਥੇ ਉਨ੍ਹਾਂ ਨੂੰ ਨਿਯਮਾਂ ਅਨੁਸਾਰ ਵਜੀਫਾ ਦੇਣ ਲਈ ਵੀ ਵਿਵਸਥਾ ਕੀਤੀ ਗਈ ਹੈ|
ਇਸ ਮੌਕੇ ਹਾਜ਼ਰ ਪਲੇਸਮੈਂਟ ਅਫਸਰ ਸ਼੍ਰੀਮਤੀ ਉਪਾਸਨਾ ਅੱਤਰੀ ਨੇ ਦੱਸਿਆ ਕਿ ਸੰਸਥਾ ਪਾਸ ਸਿਖਿਆਰਥੀਆਂ ਨੂੰ ਨੌਕਰੀ ਦਿਵਾਉਣ ਲਈ ਵੀ ਪੂਰੀ ਤਰ੍ਹਾਂ ਵਚਨਬੱਧ ਹੈ| ਉਹਨਾਂ ਦੱਸਿਆ ਕਿ ਹੁਣ ਤੱਕ ਕਰੀਬ 90 ਫੀਸਦੀ ਦਾਖਲਾ ਮੁਕੰਮਲ ਹੋ ਚੁੱਕਾ ਹੈ ਅਤੇ ਦਾਖਲਾ ਪ੍ਰਕ੍ਰਿਆ 18 ਸਤੰਬਰ ਤੱਕ ਜਾਰੀ ਰਹੇਗੀ|