ਸੈਨ ਜੋਸ, 1 ਜੂਨ ਅਲ ਸਾਲਵਾਡੋਰ ਵਿੱਚ ਊਸ਼ਣਕਟੀਬੰਧੀ ਚੱਕਰਵਾਤੀ ਤੂਫਾਨ ਅਮਾਂਡਾ ਨੇ ਜ਼ਬਰਦਸਤ ਤਬਾਹੀ ਮਚਾਈ ਅਤੇ ਤੂਫਾਨ ਨਾਲ 11 ਵਿਅਕਤੀਆਂ ਦੀ ਮੌਤ ਹੋ ਗਈ| ਸਰਕਾਰ ਨੇ ਇਹ ਜਾਣਕਾਰੀ ਦਿੱਤੀ| ਨਾਗਰਿਕ ਸੁਰੱਖਿਆ ਏਜੰਸੀ ਨੇ ਕਿਹਾ ਕਿ ਮੀਂਹ, ਹੜ੍ਹ, ਜ਼ਮੀਨ ਖਿਸਕਣ ਅਤੇ ਨਦੀਆਂ ਵਿਚ ਉਛਾਲ ਵੇਖਿਆ ਗਿਆ| ਸੈਨ ਜੁਆਨ ਓਪਿਕੋ ਦੇ ਸ਼ਹਿਰ ਗ੍ਰੈਨਾਡਿਲਸ ਵਿਚ 3 ਮੌਤਾਂ ਹੋਈਆਂ ਅਤੇ 1 ਪਰਿਵਾਰ ਹੜ੍ਹ ਦੇ ਤੇਜ਼ ਵਹਾਅ ਵਿੱਚ ਰੁੜ ਗਿਆ| ਰਾਜਧਾਨੀ ਸੈਨ ਸਾਲਵਾਡੋਰ ਦੇ ਸੈਨ ਪੇਡਰੋ ਦੇ ਜ਼ਿਲੇ ਅਤੇ ਸੋਯਾਪੰਗਾ, ਲਾ ਪਾਜ ਅਤੇ ਨਿਊਵੋ ਇਜ਼ਰਾਇਲ ਵਿੱਚ ਵੀ ਲੋਕਾਂ ਦੀ ਮਰਨ ਦੀ ਸੂਚਨਾ ਮਿਲੀ ਹੈ| ਏਜੰਸੀ ਨੇ ਦੱਸਿਆ 1 ਵਿਅਕਤੀ ਹੁਣੇ ਵੀ ਲਾਪਤਾ ਹੈ| ਤੂਫਾਨ ਤੋਂ ਬਾਅਦ ਹੜ੍ਹ ਦੀ ਲਪੇਟ ਵਿੱਚ ਆਉਣ ਨਾਲ 200 ਘਰਾਂ ਨੂੰ ਨੁਕਸਾਨ ਪਹੁੰਚਿਆ ਅਤੇ ਮੱਧ ਅਮਰੀਕੀ ਦੇਸ਼ ਦੇ ਪੱਛਮੀ ਹਿੱਸੇ ਵਿਚ 100 ਦਰਖਤ ਉੱਖੜ ਗਏ ਹਨ|
ਅਧਿਕਾਰੀਆਂ ਮੁਤਾਬਕ ਜਿਨ੍ਹਾਂ ਲੋਕਾਂ ਦੇ ਘਰ ਤਬਾਹ ਹੋ ਗਏ ਉਨ੍ਹਾਂ ਲਈ 10 ਸਹਾਰਾ ਘਰ (ਸ਼ੈਲਟਰ ਹੋਮ) ਬਣਾਏ ਹਨ| ਰਾਸ਼ਟਰਪਤੀ ਨਾਇਬ ਬੁਕੇਲੇ ਨੇ ਰਾਸ਼ਟਰਵਿਆਪੀ ਰੈਡ ਅਲਟਰ ਦੀ ਘੋਸ਼ਣਾ ਕੀਤੀ ਹੈ ਅਤੇ ਤੂਫਾਨ ਦੇ ਮੱਦੇਨਜ਼ਰ ਇਸ ਤੋਂ ਉਬਰਣ ਲਈ 15 ਦਿਨਾਂ ਦੀ ਐਮਰਜੈਂਸੀ ਲਾਗੂ ਕਰ ਦਿੱਤੀ ਹੈ| ਗ੍ਰਹਿ ਮੰਤਰੀ ਮਰਿਓ ਡੁਰਾਨ ਨੇ ਪੱਤਰਕਾਰ ਸੰਮੇਲਨ ਵਿੱਚ ਕਿਹਾ ਕਿ ਦੇਸ਼ ਪਹਿਲਾਂ ਕੋਰੋਨਾ ਵਾਇਰਸ ਨਾਲ ਅਤੇ ਹੁਣ ਇਸ ਚੱਕਰਵਾਤੀ ਤੂਫਾਨ ਦੇ ਆਉਣ ਨਾਲ ਗੰਭੀਰ ਹਾਲਾਤਾਂ ਵਿਚੋਂ ਲੰਘ ਰਿਹਾ ਹੈ| ਵਾਤਾਵਰਣ ਮੰਤਰਾਲਾ ਨੇ ਚਿਤਾਵਨੀ ਦਿੱਤੀ ਹੈ ਕਿ ਜ਼ਮੀਨ ਖਿਸਕਣ ਅਤੇ ਚੱਕਰਵਾਤੀ ਤੂਫਾਨ ਅਮਾਂਡਾ ਦੇ ਕਮਜ਼ੋਰ ਪੈਣ ਦੇ ਬਾਵਜੂਦ ਆਉਣ ਵਾਲੇ ਘੰਟਿਆਂ ਵਿਚ ਦੇਸ਼ ਨੂੰ ਭਾਰੀ ਮੀਂਹ ਦਾ ਸਾਹਮਣਾ ਕਰਨਾ ਪੈ ਸਕਦਾ ਹੈ|