ਸਰੀ, 14 ਸਤੰਬਰ 2020-ਕੈਲੇਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਦਾ ਸੇਕ ਵੈਨਕੂਵਰ ਤੱਕ ਪਹੁੰਚ ਗਿਆ ਹੈ ਜਿਸ ਦੇ ਨਤੀਜੇ ਵਜੋਂ ਪਿਛਲੇ ਕੁਝ ਦਿਨਾਂ ਤੋਂ ਵੈਨਕੂਵਰ ਇਲਾਕੇ ਦਾ ਵਾਤਾਵਰਣ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਹਵਾ ਵਿਚਲੀ ਗੁਣਵੱਤਾ ਪੱਖੋਂ ਦੁਨੀਆਂ ਦੇ ਸਭ ਤੋਂ ਬਿਹਤਰ ਸ਼ਹਿਰਾਂ ਗਿਣਿਆ ਜਾਣ ਵਾਲਾ ਖੂਬਸੂਰਤ ਸ਼ਹਿਰ ਵੈਨਕੂਵਰ ਅੱਜ ਇਸ ਪੱਖੋਂ ਦੁਨੀਆਂ ਦਾ ਦੂਜਾ ਅਜਿਹਾ ਸ਼ਹਿਰ ਬਣ ਗਿਆ ਹੈ ਜਿੱਥੇ ਹਵਾ ਦੀ ਗੁਣਵੱਤਾ ਬਹੁਤ ਘਟ ਗਈ ਹੈ। ਏਅਰ ਕੁਆਲਟੀ ਇੰਡੈਕਸ ਅਨੁਸਾਰ ਹੁਣ ਹਾਲਤ ਇਹ ਹੈ ਕਿ ਵੈਨਕੂਵਰ ਵਿਚ ਹਵਾ ਦੀ ਗੁਣਵੱਤਾ ਦਿੱਲੀ ਤੋਂ ਵੀ ਬਦਤਰ ਹੈ। ਮੈਟਰੋ ਵੈਨਕੂਵਰ ਦੇ ਵਧੇਰੇ ਖੇਤਰਾਂ ਵੈਨਕੂਵਰ, ਬਰਨਬੀ, ਨਿਊ ਵੈਸਟ ਮਿਨਸਟਰ, ਸਰੀ, ਲੈਂਗਲੀ, ਐਬਟਸਫੋਰਡ ਵਿਚ ਧੂੰਆਂ ਅਸਮਾਨੀਂ ਚੜ੍ਹਿਆ ਹੋਇਆ ਹੈ ਅਤੇ ਇਸ ਨੂੰ ਸਿਹਤ ਲਈ ਹਾਨੀਕਾਰਕ ਦੱਸਿਆ ਜਾ ਰਿਹਾ ਹੈ।
ਵਾਤਾਵਰਣ ਕੈਨੇਡਾ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਵਾਤਾਵਰਣ ਅਗਲੇ ਦਿਨਾਂ ਵਿਚ ਵੀ ਬਣਿਆ ਰਹਿ ਸਕਦਾ ਹੈ। ਵਾਤਾਵਰਣ ਵਿਭਾਗ ਵੱਲੋਂ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਬਿਨਾਂ ਕੰਮ ਤੋਂ ਘਰਾਂ ਵਿੱਚੋਂ ਬਾਹਰ ਨਾ ਨਿਕਲਿਆ ਜਾਵੇ ਅਤੇ ਵਿਸ਼ੇਸ਼ ਕਰਕੇ ਬੱਚਿਆਂ ਅਤੇ ਜਿਹੜੇ ਲੋਕਾਂ ਦੀ ਸਿਹਤ ਠੀਕ ਨਹੀਂ ਹੈ ਉਨ੍ਹਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਅਜਿਹੇ ਵਾਤਾਵਰਣ ਵਿਚ ਘਰਾਂ ਦੇ ਅੰਦਰ ਹੀ ਰਿਹਾ ਜਾਵੇ।