ਜੈਤੋ, 12 ਸਤੰਬਰ 2020 – ਥੋੜਾ ਸਮਾਂ ਹੀ ਸ਼ਾਂਤੀ ਰਹਿਣ ਦੇ ਬਾਅਦ ਅੱਜ ਜੈਤੋ ਵਿੱਚ ਮੁੜ ਤੋਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਸ਼ੁਰੂ ਹੋ ਗਈਆਂ। ਬੀਤੀ ਰਾਤ ਜੈਤੋ ਵਿੱਚ ਤਿੰਨ ਹਥਿਆਰ ਬੰਦ ਲੁਟੇਰਿਆਂ ਵੱਲੋਂ ਇੱਕ ਮੈਡੀਕਲ ਸਟੋਰ ਅਤੇ ਇੱਕ ਸ਼ਰਾਬ ਦੇ ਠੇਕੇ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ। ਮਿਲੀ ਜਾਣਕਾਰੀ ਅਨੁਸਾਰ ਤਿੰਨ ਲੁਟੇਰੇ ਮੋਟਰਸਾਇਕਲ ਉੱਪਰ ਸਵਾਰ ਹੋ ਕੇ ਸਥਾਨਕ ਸਿਵਲ ਹਸਪਤਾਲ ਕੋਲ ਸਥਿਤ ਦਿਨੇਸ਼ ਮੈਡੀਕਲ ਸਟੋਰ ਦੇ ਮਾਲਕ ਤੋਂ ਸ਼ਾਮ ਦੇ ਤਕਰੀਬਨ 8 ਵਜੇ ਪਿਸਤੌਲ ਦੀ ਨੌਕ ਤੇ ਉਸਦੇ ਗੱਲੇ ਵਿੱਚ ਪਏ 3 ਹਜਾਰ ਦੇ ਕਰੀਬ ਰੁਪਏ ਖੋਹ ਕੇ ਫਰਾਰ ਹੋ ਗਏ।
ਇਸ ਘਟਨਾਂ ਤੋਂ ਤਕਰੀਬਨ ਅੱਧੇ ਘੰਟੇ ਬਾਅਦ ਤਿੰਨ ਮੋਟਰਸਾਇਕਲ ਸਵਾਰ ਲੁਟੇਰੇ ਥਾਣਾ ਜੈਤੋ ਤੋਂ 50 ਮੀਟਰ ਦੀ ਦੂਰੀ ਤੇ ਸਥਿਤ ਇੱਕ ਸ਼ਰਾਬ ਦੇ ਠੇਕੇ ਤੋਂ ਪਿਸਤੌਲ ਦਿਖਾ ਕੇ 26 ਹਜਾਰ ਰੁਪਏ ਲੁੱਟ ਕੇ ਲੈ ਗਏ ਅਤੇ ਜਾਂਦੇ ਹੋਏ ਆਪਣੀ ਪਿਸਤੌਲ ਵਿੱਚੋਂ 2 ਫਾਇਰ ਵੀ ਕਰ ਗਏ। ਜਿਸ ਤੋਂ ਬਾਅਦ ਪੂਰੇ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਲੋਕਾਂ ਦਾ ਕਹਿਣਾ ਹੈ ਕਿ ਕੁੱਝ ਮਹੀਨੇ ਸ਼ਾਂਤੀ ਰਹਿਣ ਦੇ ਬਾਅਦ ਮੁੜ ਤੋਂ ਅਜਿਹੀਆਂ ਵਾਰਦਾਤਾਂ ਸ਼ੁਰੂ ਹੋਣ ਨਾਲ ਪੁਲਿਸ ਤੇ ਸਵਾਲ ਖੜੇ ਹੁੰਦੇ ਹਨ। ਲੋਕ ਤਾਂ ਇਹ ਵੀ ਕਹਿ ਰਹੇ ਹਨ ਕਿ ਇਹ ਲੁਟੇਰਿਆਂ ਨੂੰ ਪੁਲਿਸ ਦਾ ਕਿੰਨਾ ਕੁ ਡਰ ਹੈ ਇਸ ਗੱਲ ਦਾ ਅੰਦਾਜਾ ਸਹਿਜੇ ਹੀ ਲੱਗਦਾ ਹੈ ਕਿ ਪੁਲਿਸ ਸਟੇਸ਼ਨ ਦੀ ਨੱਕ ਵਿੱਚੋਂ ਉੁਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਕੇ ਫਾਇਰ ਕਰਕੇ ਫਰਾਰ ਹੋ ਜਾਂਦੇ ਹਨ। ਪੁਲਿਸ ਹੱਥ ਤੇ ਹੱਥ ਧਰੀ ਬੈਠੀ ਰਹਿੰਦੀ ਹੈ।
ਕੀ ਕਹਿਣਾ ਹੈ ਡੀ.ਐਸ.ਪੀ. ਜੈਤੋ ਦਾ
ਇਹਨਾਂ ਵਾਰਦਾਤਾਂ ਸਬੰਧੀ ਜਦ ਮੌਕੇ ਉੱਪਰ ਪਹੁੰਚੇ ਸਬ-ਡਵੀਜ਼ਨ ਜੈਤੋ ਦੇ ਡੀ.ਐਸ.ਪੀ. ਪਰਮਿੰਦਰ ਸਿੰਘ ਗਰੇਵਾਲ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਪੁਲਿਸ ਵੱਲੋਂ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਸੀ.ਸੀ.ਟੀ.ਵੀ. ਕੈਮਰਿਆਂ ਨੂੰ ਚੈਕ ਕਰ ਰਹੇ ਹਾਂ। ਲੁਟੇਰੇ ਜਲਦ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ।