ਬਰਨਾਲਾ, 12 ਸਤੰਬਰ 2020 – ਵਿਦੇਸ਼ ਜਾਣ ਲਈ ਕਾਹਲੀ ਨੌਜਵਾਨ ਪੀੜ੍ਹੀ ਦੇ ਸੁਪਨਿਆਂ ਨੂੰ ਸਕਾਰ ਕਰਨ ‘ਚ ਲੱਗੇ ਲੱਗੇ ਆਇਲਟਸ ਅਤੇ ਇਮੀਗ੍ਰੇਸ਼ਨ ਸੈਂਟਰਾਂ ਨੂੰ ਖੋਲ੍ਹਣ ਲਈ ਕੇਂਦਰ ਸਰਕਾਰ ਦੁਆਰਾ ਦਿੱਤੀ ਹਰੀ ਝੰਡੀ ਨਾਲ ਜਿੱਥੇ ਆਇਲਟਸ ਅਤੇ ਇਮੀਗ੍ਰੇਸ਼ਨ ਸੈਂਟਰ ਵਾਲਿਆਂ ਦੇ ਕਰੀਬ 6 ਮਹੀਨਿਆਂ ਤੋਂ ਉਦਾਸੇ ਚਿਹਰਿਆਂ ਤੇ ਇੱਕ ਵਾਰ ਰੌਣਕ ਪਰਤ ਆਈ ਹੈ। ਉੱਥੇ ਹੀ ਵਿਦੇਸ਼ ਜਾਣ ਦੀਆਂ ਟੁੱਟੀਆਂ ਉਮੀਦਾਂ ਨਾਲ ਜ਼ਿੰਦਗੀ ਨੂੰ ਬੋਝ ਦੀ ਤਰ੍ਹਾਂ ਜੀਅ ਰਹੇ ਨੌਜਵਾਨਾਂ ਆਸ ਦੀ ਕਿਰਨ ਫਿਰ ਜਾਗ ਪਈ ਹੈ। ਕੇਂਦਰ ਸਰਕਾਰ ਦੇ ਐਲਾਨ ਮੁਤਾਬਿਕ 21 ਸਤੰਬਰ ਤੋਂ ਦੇਸ਼ ਭਰ ਅੰਦਰ ਆਇਲਟਸ ਅਤੇ ਇਮੀਗ੍ਰੇਸ਼ਨ ਸੈਂਟਰਾਂ ਨੂੰ ਖੋਲ੍ਹਣ ਦੀ ਇਜਾਜਤ ਦੇ ਦਿੱਤੀ ਗਈ ਹੈ। ਕੇਂਦਰ ਸਰਕਾਰ ਦੇ ਐਲਾਨ ਤੋਂ ਬਾਅਦ ਸ਼ੁੱਕਰਵਾਰ ਬਾਅਦ ਦੁਪਿਹਰ ਆਇਲਟਸ ਅਤੇ ਇਮੀਗ੍ਰੇਸ਼ਨ ਮਾਲਵਾ ਜ਼ੋਨ ਐਸੋਸੀਏਸ਼ਨ ਦੇ ਅਹੁਦੇਦਾਰਾ ਨੇ ਬਰਨਾਲਾ ਦੇ ਡੀ.ਐਚ. ਹੋਟਲ ਵਿੱਚ ਇੱਕ ਮੀਟਿੰਗ ਕੀਤੀ।
ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਬਲਜੀਤ ਸਿੰਘ ਖੀਵਾ ਨੇ ਐਸੋਸੀਏਸ਼ਨ ਦੀ ਤਰਫੋਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦਾ 21 ਸਤੰਬਰ ਤੋਂ ਆਈਲੈਟਸ ਸੈਂਟਰ ਖੋਲ੍ਹਣ ਲਈ ਧੰਨਵਾਦ ਕੀਤਾ। ਉਨ੍ਹਾਂ ਸਰਕਾਰ ਨੂੰ ਵਿਸ਼ਵਾਸ ਦਿਵਾਇਆ ਕਿ ਸਰਕਾਰ ਵੱਲੋਂ ਜਾਰੀ ਹਦਾਇਤਾ ਦੀ ਪੂਰੀ ਤਰ੍ਹਾਂ ਨਾਲ ਪਾਲਣਾ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਕੋਵਿੱਡ-19 ਕੋਰੋਨਾ ਮਹਾਂਮਾਰੀ ਨੇ ਹਰ ਭਾਂਵੇ ਹਰ ਖੇਤਰ ਵਿੱਚ ਕੰਮ ਕਰਨ ਵਾਲੇ ਲੋਕਾਂ ਦਾ ਹੀ ਆਰਥਿਕ ਪੱਖੋਂ ਲੱਕ ਤੋੜ ਕੇ ਰੱਖ ਦਿੱਤਾ ਹੈ l ਪਰੰਤੂ ਆਈਲੈਟਸ ਸੈਂਟਰ ਤੇ ਇਮੀਗ੍ਰੇਸ਼ਨ ਖੇਤਰ ‘ਚ ਕੰਮ ਕਰਨ ਵਾਲਿਆਂ ਨੂੰ ਇਸ ਦਾ ਸਭ ਤੋਂ ਵਧੇਰੇ ਨੁਕਸਾਨ ਝੱਲਣਾ ਪਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰ ਇਕ ਆਈਲੈਟਸ ਸੈਂਟਰ ਤੇ ਇਮੀਗ੍ਰੇਸ਼ਨ ਸੈਂਟਰ ਵਿੱਚ ਜਿੱਥੇ 20 ਤੋਂ 50 ਬੇਰੁਜਗਾਰ ਪੜ੍ਹੇ ਲਿਖੇ ਨੌਜਵਾਨ ਕੰਮ ਕਰਕੇ ਆਪਣੇ ਪਰਿਵਾਰਾਂ ਦਾ ਪੇਟ ਭਰਦੇ ਸਨ। ਉਹ ਕੋਰੋਨਾ ਮਹਾਂਮਾਰੀ ਦੀ ਵਜ੍ਹਾ ਨਾਲ ਕਈ ਮਹੀਨੇ ਸੈਂਟਰ ਬੰਦ ਰਹਿਣ ਕਾਰਣ ਭੁੱਖ ਮਰੀ ਦਾ ਸ਼ਕਾਰ ਹੋ ਰਹੇ ਹਨ ।
ਕੈਪਟਨ ਸਰਕਾਰ ਵੀ ਜਲਦ ਜਾਰੀ ਕਰਕੇ ਹਦਾਇਤਾਂ
ਪ੍ਰਧਾਨ ਖੀਵਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਵੀ ਕੇਂਦਰ ਸਰਕਾਰ ਵੱਲੋਂ ਬਣਾਈ ਐਸ. ਓ .ਪੀ ਮੁਤਾਬਕ ਜਲਦੀ ਤੋਂ ਜਲਦੀ ਹਦਾਇਤਾਂ ਜਾਰੀ ਕਰੇ ਤਾਂ ਜੋ ਇਨ੍ਹਾਂ ਹਦਾਇਤਾ ਦੀ ਪਾਲਣਾਂ ਕਰਦੇ ਹੋਏ ਅਸੀਂ ਵੀ 21 ਸਤੰਬਰ ਤੋਂ ਆਪਣੇ ਅਦਾਰੇ ਖੋਲ੍ਹ ਸਕੀਏ। ਉਨਾਂ ਕਿਹਾ ਕਿ ਜਿਨਾਂ ਜਲਦੀ ਪੰਜਾਬ ਸਰਕਾਰ ਹਦਾਇਤਾਂ ਜਾਰੀ ਕਰੇਗੀ, ਉਨਾਂ ਛੇਤੀ ਹੀ ਹਦਾਇਤਾਂ ਦਾ ਪਾਲਣ ਕਰਨ ਲਈ ਤਿਆਰੀ ਸ਼ੁਰੂ ਕਰ ਦਿੱਤੀ ਜਾਵੇਗੀ।
– ਹੁਣ ਹੋਰ ਜਿਆਦਾ ਬਰਦਾਸ਼ਤ ਨਹੀਂ ਕਰ ਸਕਦੇ-ਭਗਵੰਤ ਸਿੰਘ
ਗਰੇ ਮੈਟਰ ਬਰਨਾਲਾ ਦੇ ਭਗਵੰਤ ਸਿੰਘ ਨੇ ਕਿਹਾ ਕਿ ਆਈਲੈਟਸ ਅਤੇ ਇਮੀਗ੍ਰੇਸ਼ਨ ਸੈਂਟਰ ਵਾਲਿਆਂ ਨੇ ਕਰੀਬ 6 ਮਹੀਨਿਆਂ ਅੰਦਰ ਬੜੀਆਂ ਆਰਥਿਕ ਮੁਸ਼ਕਲਾਂ ਆਪਣੇ ਪਿੰਡੇ ਤੇ ਹੰਢਾਈਆਂ ਹਨ। ਬੰਦ ਪਏ ਸੈਂਟਰਾਂ ਦੇ ਲੱਖਾਂ ਰੁਪਏ ਕਿਰਾਏ ਦੇਣੇ ਪਏ। ਹੁਣ ਤਾਂ ਬੱਸ ਹੋ ਚੁੱਕੀ ਹੈ, ਹੋਰ ਜਿਆਦਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨਾਂ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦਾ ਜੁਆਬ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ 21 ਸਤੰਬਰ ਤੋਂ ਆਈਲੈਟਸ ਤੇ ਇਮੀਗ੍ਰੇਸ਼ਨ
ਸੈਂਟਰ ‘ਚ ਬਿਨਾਂ ਵਜ੍ਹਾ ਕੋਈ ਦੇਰੀ ਕੀਤੀ ਤਾਂ ਫਿਰ ਉਨਾਂ ਦੀ ਐਸੋਸੀੲਸ਼ਨ ਭੁੱਖ ਹੜਤਾਲ ਜਾਂ ਮਰਨ ਵਰਤ ਵਰਗਾ ਤਿੱਖਾ ਸੰਘਰਸ਼ ਕਰਨ ਨੂੰ ਮਜਬੂਰ ਹੋਵੇਗੀ। ਉਨਾਂ ਕਿਹਾ ਕਿ ਭੁੱਖੇ ਰਹਿ ਕੇ ਘਰਾਂ ‘ਚ ਬਹਿ ਕੇ ਮਰਨ ਤੋਂ ਬਿਹਤਰ ਹੈ, ਸੰਘਰਸ਼ ਕਰਕੇ ਜਾਨ ਕੁਰਬਾਨ ਕਰ ਦੇਣਾ। ਉਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਹੁਣ ਜਲਦੀ ਤੋਂ ਜਲਦੀ ਗਾਈਡਲਾਈਨਜ਼ ਜਾਰੀ ਕਰੇ।
– ਸ਼ਿਵ ਸਿੰਗਲਾ ਨੇ ਕਿਹਾ ਐਜੂਕੇਸ਼ਨ ਦੇਸ਼ ਦੀ ਰੀੜ ਦੀ ਹੱਡੀ
ਫਲਾਇੰਗ ਫੈਦਰ ਅਤੇ ਮਾਸਟਰ ਮਾਈਂਡ ਦੇ ਸੰਚਾਲਕ ਸ੍ਰੀ ਸ਼ਿਵ ਸਿੰਗਲਾ ਨੇ ਕਿਹਾ ਕਿ ਜਿੱਥੇ ਆਈਲੈਟਸ ਸੈਂਟਰਾਂ ਤੇ ਇਮੀਗ੍ਰੇਸ਼ਨ ਸੈਂਟਰਾਂ ਵਿੱਚ ਪੜ੍ਹੇ ਲਿਖੇ ਬੇਰੁਜਗਾਰ ਨੌਜਵਾਨ ਕੰਮ ਕਰਦੇ ਹਨ। ਉਥੇ ਅਸਿਧੇ ਤੌਰ ਤੇ ਹਜਾਰਾਂ ਹੋਰ ਲੋਕਾਂ ਨੂੰ ਵੀ ਇੱਨਾਂ ਸੈਂਟਰਾਂ ਵਿੱਚ ਰੋਜਗਾਰ ਮਿਲਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਐਜੂਕੇਂਸ਼ਨ ਦੇਸ਼ ਦੀ ਰੀੜ ਦੀ ਹੱਡੀ ਹੈ। ਇਸ ਲਈ ਸਰਕਾਰ ਨੂੰ ਐਜੂਕੇਂਸ਼ਨ ਵੱਲ ਵਿਸ਼ੇਸ਼ ਧਿਆਨ ਦੇ ਕੇ ਕੇਦਰ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸਾਰੇ ਆਈਲੈਟਸ ਤੇ ਐਜੂਕੇਸ਼ਨ ਸੈਂਟਰਾਂ ਨੂੰ ਖੋਲ੍ਹਣ ਦੀ ਇਜਾਜਤ ਦੇਣੀ ਚਾਹੀਦੀ ਹੈ। ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਅਸੀਂ ਕੋਰੋਨਾ ਸੰਕਟ ਦੀ ਘੜੀ ਵਿੱਚ ਹਰ ਪੱਖ ਤੋਂ ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਦਾ ਆਪਣੀ ਸਮਰੱਥਾ ਤੋਂ ਵੱਧ ਕੇ ਸਹਿਯੋਗ ਦਿੱਤਾ ਹੈ। ਹੁਣ ਸਰਕਾਰ ਅਤੇ ਪ੍ਰਸ਼ਾਸ਼ਨ ਦੀ ਵੀ ਜਿੰਮੇਵਾਰੀ ਹੈ ਕਿ ਉਹ ਸਾਡੇ ਪਟਰੀ ਤੋਂ ਲਹਿ ਚੁੱਕੇ ਕਾਰੋਬਾਰ ਨੂੰ ਪੈਰਾਂ ਸਿਰ ਕਰਨ ਲਈ ਸਾਡਾ ਪੂਰਾ ਸਾਥ ਦੇਵੇ। ਇਸ ਮੌਕੇ ਐਸੋਸੀਏਸ਼ਨ ਦੇ ਆਗੂ ਪਵਨਦੀਪ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਸਰਕਾਰ ਦਾ ਧੰਨਵਾਦ ਵੀ ਕੀਤਾ ਅਤੇ ਉਮੀਦ ਕੀਤੀ ਕਿ ਪੰਜਾਬ ਸਰਕਾਰ ਵੀ ਹੁਣ ਉਨਾਂ ਨੂੰ ਆਪਣੇ ਕਾਰੋਬਾਰ ਨੂੰ ਚਲਾਉਣ ਲਈ ਦਿਸ਼ਾ ਨਿਰਦੇਸ਼ ਜਾਰੀ ਕਰੇਗੀ। ਇਸ ਮੌਕੇ ਐਸੋਸੀਏਸ਼ਨ ਆਫ਼ ਐਜੂਕੇਸ਼ਨ ਪ੍ਰੋਵਾਈਡਿਡ ਪੰਜਾਬ, ਆਇਲਸਟ ਐਂਡ ਇਮੀਗ੍ਰੇਸ਼ਨ ਐਸੋਸੀਏਸ਼ਨ ਬਰਨਾਲਾ, ਅਵਾਰਡਸ ਐਸੋਸੀਏਸ਼ਨ ਸੰਗਰੂਰ, ਨਾਈਸ ਐਸੋਸੀਏਸ਼ਨ, ਆਈਲੈਟਸ ਅਤੇ ਇੰਮੀਗ੍ਰੇਸ਼ਨ ਐਸੋਸੀਏਸ਼ਨ ਬਠਿੰਡਾ, ਲੁਧਿਆਣਾ, ਮੋਗਾ ਅਤੇ ਫਰੀਦਕੋਟ ਤੋਂ ਨੁਮਾਇੰਦਿਆਂ ਨੇ ਵੀ ਸ਼ਿਕਰਤ ਕੀਤੀ ।