ਸਰੀ, 9 ਸਤੰਬਰ 2020-ਸਾਹਿਤ ਸਭਾ ਸਰੀ ਵੱਲੋਂ ਪੰਜਾਬ ਭਵਨ ਵਿਚ ਸਾਹਿਤਕ ਇਕੱਤਰਤਾ ਕੀਤੀ ਗਈ ਅਤੇ ਕੋਰੋਨਾ ਦੇ ਫੈਲਾਅ ਨੂੰ ਧਿਆਨ ਵਿਚ ਰਖਦਿਆਂ ਸਿਰਫ 20 ਕੁ ਲੇਖਕਾਂ, ਪਾਠਕਾਂ ਨੂੰ ਹੀ ਇਸ ਮੀਟਿੰਗ ਵਿਚ ਬੁਲਾਇਆ ਗਿਆ।
ਮੀਟਿੰਗ ਦੌਰਾਨ ਸੁਰਜੀਤ ਸੰਧੂ ਦੀ ਬਾਲ ਪੁਸਤਕ “ਨਿੱਕੇ ਨਿੱਕੇ ਤਾਰੇ” ਰਿਲੀਜ਼ ਕੀਤੀ ਗਈ। ਪੁਸਤਕ ਰਿਲੀਜ਼ ਕਰਨ ਦੀ ਰਸਮ ਪੰਜਾਬ ਭਵਨ ਦੇ ਬਾਨੀ ਸੁੱਖੀ ਬਾਠ ਅਤੇ ਬੱਚਿਆਂ ਨੇ ਅਦਾ ਕੀਤੀ। ਪੁਸਤਕ ਰਿਲੀਜ਼ ਤੋਂ ਪਹਿਲਾਂ ਛੋਟੇ ਬੱਚਿਆਂ ਸਹਿਜਪ੍ਰੀਤ, ਮਹਿਕਪ੍ਰੀਤ, ਸੁਖਮਨ ਕੌਰ ਅਤੇ ਸਾਹਿਬ ਸਿੰਘ ਨੇ ਇਸ ਪੁਸਤਕ ਵਿੱਚੋਂ ਕਵਿਤਾਵਾਂ ਅਤੇ ਗੀਤ ਪੇਸ਼ ਕੀਤੇ।
ਉਪਰੰਤ ਸੁੱਖੀ ਬਾਠ, ਸਾਹਿਤ ਸਭਾ ਸਰੀ ਦੇ ਪ੍ਰਧਾਨ ਕ੍ਰਿਸ਼ਨ ਭਨੋਟ, ਇੰਦਰਜੀਤ ਧਾਮੀ, ਕਵਿੰਦਰ ਚਾਂਦ, ਰਾਜਵੰਤ ਰਾਜ, ਦਵਿੰਦਰ ਗੌਤਮ, ਗੁਰਮੀਤ ਸਿੱਧੂ, ਅਮਰੀਕ ਪਲਾਹੀ, ਕੇਸਰ ਸਿੰਘ ਕੂਨਰ, ਹਰਜਿੰਦਰ ਠਾਣਾ, ਬਲਵੀਰ ਢਿੱਲੋਂ, ਪਰਮਿੰਦਰ ਸਵੈਚ ਅਤੇ ਮੀਨੂੰ ਬਾਵਾ ਨੇ ਆਸਟਰੇਲੀਆ ਵਸਦੇ ਪੰਜਾਬੀ ਲੇਖਕ ਬਿੱਕਰ ਬਾਈ ਦੀਆਂ ਦੋ ਪੁਸਤਕਾਂ “ਬੋਲ ਪਏ ਅਲਫਾਜ਼” ਤੇ “ਗੀਤ ਰਹਿਣਗੇ ਕੋਲ” ਰਿਲੀਜ਼ ਕੀਤੀਆਂ। ਸੁੱਖੀ ਬਾਠ ਨੇ ਦੋਹਾਂ ਲੇਖਕਾਂ ਨੂੰ ਇਨ੍ਹਾਂ ਪੁਸਤਕਾਂ ਲਈ ਮੁਬਾਰਕਬਾਦ ਦਿੱਤੀ ਅਤੇ ਲੱਗਭੱਗ ਤੇ ਮਹੀਨਿਆਂ ਬਾਅਦ ਲੇਖਕਾਂ ਦੇ ਦਰਸ਼ਨ ਹੋਣ ਦੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਮੀਟਿੰਗ ਦੌਰਾਨ ਰਾਜਵੰਤ ਰਾਜ, ਦਵਿੰਦਰ ਗੌਤਮ, ਪਰਮਿੰਦਰ ਸਵੈਚ, ਬਲਵੀਰ ਢਿੱਲੋਂ, ਮੈਡਮ ਪੂਨੀ, ਹਰਦਮ ਸਿੰਘ ਮਾਨ, ਪ੍ਰਿਤਪਾਲ ਗਿੱਲ, ਗੁਰਮੀਤ ਸਿੱਧੂ, ਹਰਚੰਦ ਗਿੱਲ, ਹਰਸ਼ਰਨ ਕੌਰ, ਬਿੰਦੂ ਮਠਾੜੂ, ਕਵਿੰਦਰ ਚਾਂਦ, ਕ੍ਰਿਸ਼ਨ ਭਨੋਟ, ਹਰਜਿੰਦਰ ਠਾਣਾ ਆਦਿ ਕਵੀਆਂ ਨੇ ਆਪਣੀਆਂ ਕਾਵਿ ਰਚਨਾਵਾਂ ਪੇਸ਼ ਕੀਤੀਆਂ।