ਸਰੀ, 9 ਸਤੰਬਰ 2020- ਸਾਹਿਤ ਤੇ ਸਭਿਆਚਾਰਕ ਸੰਸਥਾ ਵੈਨਕੂਵਰ ਵਿਚਾਰ ਮੰਚ ਵੱਲੋਂ ਪਿਛਲੇ ਦਿਨੀ ਵਿੱਛੜੇ ਚਿੱਤਰਕਾਰ ਮਿਹਰ ਸਿੰਘ ਤੇ ਡਾ. ਦਰਿਆ ਦੇ ਬੇ-ਵਕਤ ਚਲਾਣੇ `ਤੇ ਦੁੱਖ ਪ੍ਰਗਟ ਕਰਨ ਲਈ ਸ਼ੋਕ ਮੀਟਿੰਗ ਕੀਤੀ ਗਈ।
ਜਰਨੈਲ ਆਰਟ ਗੈਲਰੀ ਵਿਚ ਹੋਈ ਇਸ ਮੀਟਿੰਗ ਵਿਚ ਚਿੱਤਰਕਾਰ ਮਿਹਰ ਸਿੰਘ ਬਾਰੇ ਗੱਲਬਾਤ ਕਰਦਿਆਂ ਜਰਨੈਲ ਸਿੰਘ ਆਰਟਿਸਟ ਨੇ ਉਹਨਾਂ ਦੀ ਪੋਰਟਰੇਟ ਕਲਾ ਬਾਰੇ ਤੇ ਪੰਜਾਬ ਲਲਿਤ ਕਲਾ ਅਕਾਦਮੀ ਵਿਚ ਉਹਨਾਂ ਦੀ ਪ੍ਰਧਾਨਗੀ ਸਮੇਂ ਉਹਨਾਂ ਨਾਲ ਬਤੌਰ ਜਨਰਲ ਸਕੱਤਰ ਵਜੋਂ ਕੰਮ ਕਾਜ ਦੇ ਅਨੁਭਵ ਸਾਂਝੇ ਕੀਤੇ ਤੇ ਉਹਨਾਂ ਦੀ ਸ਼ਖਸੀਅਤ ਦੀ ਸਰਲਤਾ, ਮਜ਼ਾਹੀਆ ਸੁਭਾਅ, ਹੋਰ ਕਲਾਕਾਰਾਂ ਨੂੰ ਉਤਸ਼ਾਹਤ ਕਰਨ ਅਤੇ ਪੇਂਡੂ ਖੇਤਰ ਵਿਚ ਕਲਾ ਵਰਕਸ਼ਾਪਾਂ ਲਾਉਣ ਦੇ ਵਾਕਿਅਤ ਬਿਆਨ ਕੀਤੇ।
ਉਘੇ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਡਾ. ਦਰਿਆ ਦੇ ਸਾਧਾਰਨ ਦਲਿਤ ਪਿਛੋਕੜ ਅਤੇ ੳਹਨਾਂ ਦੇ ਪਿਤਾ ਗਿਆਨੀ ਸ਼ਿੰਗਾਰਾ ਆਜੜੀ ਦੀ ਦੇਣ ਬਾਰੇ ਵਿਸਥਾਰ ਨਾਲ ਦੱਸਿਆ। ਉਹਨਾਂ ਦੱਸਿਆ ਕਿ 19 ਕਿਤਾਬਾਂ ਦੇ ਲੇਖਕ ਤੇ ਸੰਪਾਦਕ ਡਾ. ਦਰਿਆ ਇਕ ਵਧੀਆ ਕਵੀ ਵੀ ਸਨ ਤੇ ਉਹਨਾਂ ਦੀ ਕਵਿਤਾ ਦੀ ਪੁਸਤਕ “ਜੰਗਲ ਜੰਗਲ” ਵੀ ਛਪ ਚੁੱਕੀ ਹੈ। ਸ਼ਾਇਰ ਮੋਹਨ ਗਿੱਲ ਨੇ ਵੀ ਦੋਹਾਂ ਸ਼ਖਸੀਅਤਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਡਾ. ਦਰਿਆ ਦੀ ਐਨੀ ਛੋਟੀ ਉਮਰ ਵਿਚ ਮੌਤ ਚੌਂਕਾ ਦੇਣ ਵਾਲੀ ਹੈ।
ਜਸਵਿੰਦਰ ਗ਼ਜ਼ਲਗੋ, ਅੰਗਰੇਜ ਸਿੰਘ ਬਰਾੜ, ਹਰਦਮ ਸਿੰਘ ਮਾਨ, ਪਰਮਜੀਤ ਸੇਖੋਂ, ਚਮਕੌਰ ਸੇਖੋਂ ਅਤੇ ਨਵਦੀਪ ਗਿੱਲ ਨੇ ਵੀ ਵਿਛੜੀਆਂ ਸ਼ਖਸੀਅਤਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਪੇਸ਼ ਕੀਤੀ ਅਤੇ ਉਹਨਾਂ ਦੀ ਮੌਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਕਿਹਾ।