ਮਮਦੋਟ, 9 ਸਤੰਬਰ 2020 – ਦੇਸ਼ ਭਰ ਵਿਚ ਦਿਨੋਂ ਦਿਨ ਨਿੱਘਰਦੀ ਜਾ ਰਹੀ ਦੇਸ਼ ਦੇ ਅੰਨਦਾਤਾ ਕਹਾਉਣ ਵਾਲੇ ਕਿਸਾਨਾਂ ਦੀ ਦੁਰਦਸ਼ਾ ਨੂੰ ਹੋਰ ਨਿਘਾਰ ਵੱਲ ਲੈ ਕੇ ਜਾਣ ਵਾਲੇ ਕਿਸਾਨ ਵਿਰੋਧੀ ਅਖੌਤੀ ਖੇਤੀ ਸਬੰਧੀ ਆਰਡੀਨੈਂਸਾਂ ਨੂੰ ਕਿਸੇ ਵੀ ਕੀਮਤ ਵਿਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਮੀਤ ਪ੍ਰਧਾਨ ਸਰਬਜੀਤ ਸਿੰਘ ਸਿੱਧੂ ਨੇ ਕੇਂਦਰ ਦੀ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਪੰਜਾਬ ਦੀਆਂ 11 ਵੱਖ ਵੱਖ ਕਿਸਾਨ ਯੂਨੀਅਨਾਂ ਵੱਲੋਂ ਇਕ ਮੰਚ ਤੇ ਇਕੱਠੇ ਹੋ ਕੇ ਇਹਨਾਂ ਆਰਡੀਨੈਂਸਾਂ ਦੇ ਖਿਲਾਫ ਦੇਸ਼ ਦੀ ਸੰਸਦ ਦੇ ਬਾਹਰ ਕੋਵਿਡ -19 ਨੂੰ ਮੁੱਖ ਰੱਖਦੇ ਹੋਏ ਇਕੱਠ ਕਰਕੇ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਯੂਨੀਅਨਾਂ ਵੱਲੋਂ ਰਾਸ਼ਟਰੀ ਰਾਜ ਮਾਰਗ ਜਾਮ ਕੀਤੇ ਜਾਣਗੇ। ਜਿਸ ਪ੍ਰਤੀ ਪਿੱਛਲੇ ਦਿਨੀਂ ਜਲੰਧਰ ਦੇ ਦੇਸ਼ ਭਗਤ ਯਾਦਗਾਰੀ ਹਾਲ ਵਿਚ 11 ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਮੀਟਿੰਗ ਕਰਨ ਉਪਰੰਤ ਰੂਪਰੇਖਾ ਤਿਆਰ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਸੰਸਦ ਦੇ ਮੌਨਸੂਨ ਇਜਲਾਸ ਵਿਚ ਸਰਕਾਰ ਵੱਲੋਂ ਵੱਖ ਵੱਖ ਸੂਬਿਆਂ ਦੇ ਮੈਂਬਰ ਪਾਰਲੀਮੈਂਟਾਂ ਵੱਲੋਂ ਵੋਟਿੰਗ ਕਾਰਵਾਈ ਜਾਣੀ ਹੈ ਜਿਸਨੂੰ ਲੈਕੇ 11 ਕਿਸਾਨ ਜਥੇਬੰਦੀਆਂ ਦੇ ਪੰਜਾਬ ਪੱਧਰ ਦੇ ਆਗੂ ਸੰਸਦ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਨਗੇ ਅਤੇ ਬਾਕੀ ਜ਼ਿਲ੍ਹਾ ਇਕਾਈਆਂ ਅਤੇ ਬਲਾਕ ਲੈਵਲ ਦੇ ਆਗੂ ਆਪੋ ਆਪਣੇ ਹਲਕਿਆਂ ਵਿਚ ਕੇਂਦਰ ਦੀ ਸਰਕਾਰ ਵਿਰੁੱਧ ਸੜਕਾਂ ਉੱਪਰ ਰੋਸ਼ ਮੁਜਾਹਰਾ ਕਰਨਗੇ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਰੋਸ ਪ੍ਰਦਰਸ਼ਨ ਵਿਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਿਲ ਹੋ ਕੇ ਇਸ ਗੂੰਗੀ ਬੋਲੀ ਸਰਕਾਰ ਨੂੰ ਦੱਸ ਦਈਏ ਕਿ ਕਿਸਾਨ ਸੰਘਰਸ਼ ਕਰਨਾ ਜਾਣਦੇ ਹਨ ਅਤੇ ਸਰਕਾਰ ਨੂੰ ਖੇਤੀ ਵਿਰੋਧੀ ਬਣਾਏ ਅਰਡੀਨੈਂਸਾਂ ਨੂੰ ਰੱਦ ਕਰਵਾਈਏ।