ਸ੍ਰੀ ਮੁਕਤਸਰ ਸਾਹਿਬ, 4 ਸਤੰਬਰ 2020 – ਹਲਕੇ ਅੰਦਰ ਦੂਜੇ ਦਿਨ ਵੀ ਜਾਰੀ ਰਹੀ ਬਰਸਾਤ ਨੇ ਇਤਿਹਾਸਿਕ ਸ਼ਹਿਰ ਨੂੰ ਪੂਰੀ ਤਰ੍ਹਾਂ ਨਾਲ ਡੋਬ ਕੇ ਰੱਖ ਦਿੱਤਾ ਹੈ। ਵੀਰਵਾਰ ਪੂਰਾ ਦਿਨ ਹੋਈ ਬਰਸਾਤ ਨੇ ਜਿੱਥੇ ਸ਼ਹਿਰ ਨੂੰ ਜਲਥਲ ਕਰ ਦਿੱਤਾ ਸੀ, ਉਥੇ ਹੀ ਦੇਰ ਰਾਤ ਤੋਂ ਸ਼ੁਰੂ ਹੋਈ ਬਰਸਾਤ ਅੱਜ ਬਾਅਦ ਦੁਪਹਿਰ ਤੱਕ ਵੀ ਜਾਰੀ ਰਹੀ, ਜਿਸ ਨਾਲ ਜਿੱਕੇ ਨੀਵੇਂ ਇਲਾਕਿਆਂ ‘ਚ ਪਾਣੀ ਭਰਿਆ ਰਿਹਾ, ਉਥੇ ਹੀ ਰਾਹਗੀਰਾਂ ਲਈ ਵੱਡੀਆਂ ਸਮੱਸਿਆਵਾਂ ਵੀ ਬਣੀਆਂ ਰਹੀਆਂ। ਭਾਵੇਂ ਕਿ ਦੋ ਦਿਨਾਂ ਦੀ ਬਰਸਾਤ ਨਾਲ ਗਰਮੀ ਤੋਂ ਨਿਜ਼ਾਤ ਮਿਲੀ ਹੈ, ਪਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬਰਸਾਤੀ ਪਾਣੀ ਨੇ ਪ੍ਰਸਾਸ਼ਨ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਅੱਜ ਬਰਸਾਤ ਤੋਂ ਬਾਅਦ ਸ਼ਹਿਰ ਦਾ ਤਾਪਮਾਨ 29 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜਦੋਂÎਕਿ ਪੂਰਾ ਦਿਨ 11 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਠੰਡੀਆਂ ਹਵਾਵਾਂ ਚੱਲਦੀਆਂ ਰਹੀਆਂ। ਦੂਜੇ ਪਾਸੇ ਸ਼ਹਿਰ ਦੇ ਸ਼ੇਰ ਸਿੰਘ ਚੌਂਕ, ਘਾਹ ਮੰਡੀ ਚੌਂਕ, ਸਦਰ ਬਜ਼ਾਰ, ਜੋਧੂ ਕਲੋਨੀ, ਬੈਂਕ ਰੋਡ, ਡੀਏਵੀ ਗਰਲਜ਼ ਸਕੂਲ ਮੌੜ ਰੋਡ, ਅਬੋਹਰ ਰੋਡ, ਕੱਚਾ ਥਾਂਦੇਵਾਲਾ ਰੋਡ, ਭੱਠੇ ਵਾਲੀ ਗਲੀ, ਕੋਟਲਾ ਬਜ਼ਾਰ, ਮੋਹਨ ਲਾਲ ਸਟਰੀਟ, ਬਾਵਾ ਕਲੋਨੀ, ਭੁੱਲਰ ਕਲੋਨੀ ਆਦਿ ਵਿੱਚ ਅੱਜ ਦੂਜੇ ਦਿਨ ਵੀ ਬਰਸਾਤੀ ਪਾਣੀ ਦਾ ਕਹਿਰ ਰਿਹਾ। ਪਾਣੀ ਜਮ੍ਹਾ ਹੋਣ ਕਰਕੇ ਜਿੱਥੇ ਲੋਕਾਂ ਦੀ ਆਮਦ ਬਜ਼ਾਰਾਂ ਵਿੱਚ ਘੱਟ ਰਹੀ, ਉੁਥੇ ਹੀ ਦੁਕਾਨਦਾਰਾਂ ਨੂੰ ਗ੍ਰਾਹਕ ਨਾ ਆਉਣ ਕਰਕੇ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਬਰਸਾਤੀ ਪਾਣੀ ਦਾ ਸ਼ਹਿਰ ਅੰਦਰ ਜਮ੍ਹਾ ਹੋਣ ਕਰਕੇ ਲੋਕ ਪ੍ਰਸ਼ਾਸ਼ਨ ਤੇ ਵਿਭਾਗ ਨੂੰ ਕੋਸਦੇ ਵੀ ਨਜ਼ਰ ਆਏ।
ਸਰਕਾਰੀ ਦਫ਼ਤਰਾਂ ‘ਚ ਵੀ ਭਰਿਆ ਪਾਣੀ
ਦੋ ਦਿਨਾਂ ਤੋਂ ਲਗਾਤਾਰ ਪੈ ਰਹੀ ਬਰਸਾਤ ਨੇ ਜਿੱਥੇ ਪੂਰੇ ਸ਼ਹਿਰ ਨੂੰ ਜਲਥਲ ਕੀਤਾ, ਉਥੇ ਹੀ ਸ਼ਹਿਰ ਦੇ ਸਰਕਾਰੀ ਦਫ਼ਤਰ ਵੀ ਬਰਸਾਤੀ ਪਾਣੀ ਦੇ ਕਹਿਰ ਤੋਂ ਨਾ ਬਚ ਸਕੇ। ਸਥਾਨਕ ਰੈਡ ਕਰਾਸ ਸੁਸਾਇਟੀ ਤੇ ਸਿਵਲ ਸਰਜਨ ਦਫ਼ਤਰ ਵਿੱਚ ਪਾਣੀ ਭਰਿਆ ਰਿਹਾ, ਜਿਸ ਕਰਕੇ ਲੋਕਾਂ ਨੂੰ ਇੱਥੇ ਆਉਣ ਵਿੱਚ ਕਾਫ਼ੀ ਮੁਸ਼ਕਿਲ ਆਈ, ਜਦੋਂਕਿ ਦਫ਼ਤਰਾਂ ਦੇ ਮੁਲਾਜਮ ਵੀ ਪਾਣੀ ਵਿੱਚੋਂ ਲੰਘਣ ਕੇ ਆਪਣੇ ਕੰਮਾਂ ‘ਤੇ ਜਾਣ ਲਈ ਮਜ਼ਬੂਰ ਵਿਖਾਈ ਦਿੱਤੇ। ਦੋ ਦਿਨਾਂ ਦੀ ਬਰਸਾਤ ਨਾਲ ਜਲਥਲ ਹੋਏ ਦਫ਼ਤਰਾਂ ਵਿੱਚ ਖ਼ਬਰ ਲਿਖੇ ਜਾਣ ਤੱਕ ਪਾਣੀ ਜਮ੍ਹਾ ਸੀ, ਜਿਸਨੂੰ ਆਪਣੇ ਪੱਧਰ ‘ਤੇ ਕੱਢਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ।
ਲੋਕ ਪਹਿਲਾਂ ਹੀ ਸੀਵਰੇਜ ਪਾਣੀ ਦੀ ਮਾਰ ਹੇਠ
ਦੱਸ ਦੇਈਏ ਕਿ ਸ਼ਹਿਰ ਅੰਦਰ ਸੀਵਰੇਜ ਪ੍ਰਣਾਲੀ ਦੀ ਚੰਗੀ ਦਸ਼ਾ ਨਾ ਹੋਣ ਕਰਕੇ ਸ਼ਹਿਰ ਦਾ ਅੱਧੇ ਤੋਂ ਜ਼ਿਆਦਾ ਹਿੱਸਾ ਸੀਵਰੇਜ ਪਾਣੀ ਦੀ ਮਾਰ ਹੇਠ ਹੈ। ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਸੀਵਰੇਜ ਪਾਣੀ ਦੀ ਲੀਕੇਜ਼ ਕਰਕੇ ਇਹ ਪਾਣੀ ਗਲੀਆਂ, ਦੁਕਾਨਾਂ ਤੇ ਲੋਕਾਂ ਦੇ ਘਰਾਂ ਤੱਕ ਮਾਰ ਕਰ ਰਿਹਾ ਸੀ, ਜੋ ਹੁਣ ਬਰਸਾਤ ਕਰਕੇ ਓਵਰਫਲੋਅ ਵਾਲੀ ਸਥਿਤੀ ਵਿੱਚ ਆ ਗਿਆ ਹੈ। ਲੋਕਾਂ ਨੇ ਦੱਸਿਆ ਕਿ ਉਹ ਕਈ ਵਾਰ ਪ੍ਰਸ਼ਾਸ਼ਨ ਤੇ ਸਬੰਧਿਤ ਵਿਭਾਗ ਨੂੰ ਜਾਣੂ ਕਰਾ ਚੁੱਕੇ ਹਨ ਪਰ ਉਨ੍ਹਾਂ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਹੋ ਰਿਹਾ, ਜਦੋਂਕਿ ਦੋ ਦਿਨ ਪਈ ਬਰਸਾਤ ਕਰਕੇ ਇਹ ਪਾਣੀ ਹੁਣ ਲੋਕਾਂ ਦੇ ਘਰਾਂ ਤੱਕ ਪੁੱਜਣ ਲੱਗਾ ਹੈ। ਲੋਕਾਂ ਨੇ ਦੱਸਿਆ ਕਿ ਉਹ ਬਹੁਤ ਤੰਗ ਹਨ, ਕਿਉਂÎਕਿ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੈ। ਲੋਕਾਂ ਨੇ ਪ੍ਰਸਾਸ਼ਨ ਤੇ ਵਿਭਾਗ ਦੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ।