ਔਕਲੈਂਡ 04 ਸਤੰਬਰ- ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ ਅੱਜ ਆਪਣੀ ਵੈੱਬਸਾਈਟ ਦੇ ਖ਼ਬਰਾਂ ਵਾਲੇ ਸਫੇ ਉਤੇ ਇਹ ਖਬਰ ਨਸ਼ਰ ਕੀਤੀ ਹੈ ਕਿ ਨਿਊਜ਼ੀਲੈਂਡ ਇਮੀਗ੍ਰੇਸ਼ਨ ਆਪਣੇ ਵਿਜ਼ੀਟਰ ਵੀਜ਼ਾ ਸਿਸਮਟ ਨੂੰ ਕੁਝ ਬਦਲ ਰਹੀ ਹੈ ਤਾਂ ਕਿ ਉਨ੍ਹਾਂ ਅਸਥਾਈ ਵੀਜ਼ੇ ਵਾਲਿਆਂ ਦੀ ਸਹਾਇਤਾ ਹੋ ਸਕੇ ਜੋ ਇਥੇ ਕੋਵਿਡ-19 ਕਰਕੇ ਰੁਕੇ ਹੋਏ ਹਨ। ਇਮੀਗ੍ਰੇਸ਼ਨ ਚਾਹੁੰਦੀ ਹੈ ਕਿ ਜਿੰਨਾ ਚਿਰ ਉਹ ਆਪਣੀ ਵਤਨ ਵਾਪਸੀ ਦਾ ਪ੍ਰਬੰਧ ਨਹੀਂ ਕਰ ਲੈਂਦੇ ਉਨ੍ਹਾਂ ਨੂੰ ਇਥੇ ਗੈਰ ਕਾਨੂੰਨੀ ਨਾ ਰਹਿਣਾ ਪੈ ਜਾਵੇ ਜਿਸ ਦੇ ਲਈ ਇਹ ਆਟੋਮੈਟਿਕ ਵੀਜ਼ੇ ਵਧਾਏ ਜਾ ਸਕਦੇ ਹਨ।
ਗੱਲ ਨੂੰ ਨਿਖਾਰਨ ਵਾਸਤੇ ਸ. ਸੰਨੀ ਸਿੰਘ ਇਮੀਗ੍ਰੇਸ਼ਨ ਸਲਾਹਕਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੌਜੂਦਾ ਅੱਪਲੋਡ ਹੋਈ ਜਾਣਕਾਰੀ ਅਨੁਸਾਰ ਜਿਹੜੇ ਲੋਕਾਂ ਦੇ ਵਿਜਟਰ ਵੀਜੇ ਇਸ ਸਾਲ 4 ਸਤੰਬਰ ਤੋਂ ਅਕਤੂਬਰ ਮਹੀਨੇ ਦੇ ਅੰਤ ਤੱਕ ਖਤਮ ਹੋ ਰਹੇ ਹਨ ਉਨ੍ਹਾਂ ਦੇ ਵੀਜ਼ੇ 5 ਮਹੀਨੇ ਤੱਕ ਵਧਾਏ ਜਾ ਸਕਦੇ ਹਨ।
ਕੁਝ ਵੱਖਰੀ ਸ਼੍ਰੇਣੀ ਵਾਲੇ ਵੀਜ਼ੇ ਇਸ ਸੁਵਿਧਾ ਦੇ ਵਿਚ ਨਹੀਂ ਆਉਣਗੇ ਜਿਵੇਂ ਕਿਸੇ ਨਾਜ਼ੁਕ ਸਥਿਤੀ ਦੇ ਵਿਚ ਇਥੇ ਆਇਆ ਵਿਅਕਤੀ, ਕਿਸੇ ਨਬਾਲਿਗ ਵਿਦਿਆਰਥੀ ਦੇ ਗਾਰਡੀਅਨ ਵਜੋਂ ਆਇਆ ਵਿਅਕਤੀ ਅਤੇ ਜਾਂ ਫਿਰ ਵਰਕ ਵੀਜ਼ੇ ਵਾਲਾ ਵਿਅਕਤੀ ਜਿਸ ਦਾ ਵੀਜਾ ਪਹਿਲਾਂ ਵੱਧ ਚੁੱਕਾ ਹੈ ਅਤੇ ਉਸ ਦੇ ਅਧਾਰ ਉਤੇ ਰਹਿਣ ਵਾਲਾ ਉਸਦਾ ਸਾਥੀ। ਜਿਹੜੇ ਲੋਕ ਅਜਿਹੀ ਸੁਵਿਧਾ ਦੇ ਹੱਕਦਾਰ ਹੋਣਗੇ ਉਨ੍ਹਾਂ ਦੇ ਨਾਲ ਇਮੀਗ੍ਰੇਸ਼ਨ ਸਤੰਬਰ ਅੱਧ ਤੱਕ ਸੰਪਰਕ ਕਰਨਾ ਸ਼ੁਰੂ ਕਰੇਗੀ।
ਇਸ ਤੋਂ ਇਲਾਵਾ ਸਰਕਾਰ ਵੱਲੋਂ ਇਕ ਵਿਸ਼ੇਸ਼ ਸ਼੍ਰੇਣੀ ‘ਕੋਵਿਡ-19 ਸ਼ਾਰਟ ਟਰਮ ਵਿਜ਼ਟਰ ਵੀਜ਼ਾ’ ਵੀ ਲਿਆਂਦਾ ਜਾ ਰਿਹਾ ਹੈ ਜਿਸ ਦੀ ਮਿਆਦ ਦੋ ਮਹੀਨੇ ਦੀ ਹੋਵੇਗੀ ਤਾਂ ਕਿ ਇਥੇ ਰੁਕੇ ਲੋਕ ਆਪਣੀ ਵਤਨ ਵਾਪਿਸੀ ਦਾ ਪ੍ਰਬੰਧ ਕਰ ਸਕਣ। ਜਿਹੜੇ ਲੋਕ ਸ਼ਾਰਟ ਟਰਮ ਵੀਜ਼ੇ ਉਤੇ ਇਥੇ ਕੰਮ ਕਰਦੇ ਹਨ ਉਨ੍ਹਾਂ ਨੂੰ ਇਸਦੀ ਆਗਿਆ ਨਹੀਂ ਹੋਵੇਗੀ।
ਸਿੱਧਾ ਤੇ ਸਪਸ਼ਟ: ਇਮੀਗਰੇਸ਼ਨ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਕੋਵਿਡ-19 ਸ਼ਾਰਟ ਟਰਮ ਵੀਜ਼ਾ ਉਨ੍ਹਾਂ ਦੀ ਸਹਾਇਤਾ ਵਾਸਤੇ ਹੈ ਜਿਨ੍ਹਾਂ ਦਾ ਮੌਜੂਦਾ ਵਿਜਟਰ ਵੀਜਾ, ਵਰਕ ਵੀਜ਼ਾ, ਵਿਦਿਆਰਥੀ ਵੀਜਾ ਅਤੇ ਪਾਰਟਨਰਸ਼ਿੱਪ ਵੀਜਾ ਖਤਮ ਹੋਣ ਵਾਲਾ ਹੈ ਅਤੇ ਇਨ੍ਹਾਂ ਨੂੰ ਹੋਰ ਕੋਈ ਵੀਜ਼ਾ ਨਹੀਂ ਦਿੱਤਾ ਜਾ ਸਕਦਾ ਸੀ।
ਇਸ ਕਰਕੇ ਇਨ੍ਹਾਂ ਨੂੰ ਕੋਵਿਡ-19 ਵੀਜ਼ਾ ਦੇ ਕੇ ਸਪਸ਼ਟ ਰੂਪ ਵਿਚ ਸੰਦੇਸ਼ ਹੋਵੇਗਾ ਕਿ ਉਹ ਆਪਣੇ ਵਤਨ ਵਾਪਿਸ ਪਰਤ ਜਾਣ ਵਾਸਤੇ ਪ੍ਰਬੰਧ ਕਰ ਲੈਣ। ਇਸ ਵੀਜੇ ਵਾਸਤੇ ਵਿਅਕਤੀਗਤ ਤੌਰ ‘ਤੇ ਸਤੰਬਰ ਦੇ ਅੱਧ ਤੋਂ ਅਪਲਾਈ ਕੀਤਾ ਜਾ ਸਕੇਗਾ। ਇਨ੍ਹਾਂ ਨੂੰ ਅਰਜੀ ਦੇ ਨਾਲ ਫੀਸ ਵੀ ਦੇਣੀ ਪਵੇਗੀ। ਇਸ ਸਬੰਧੀ ਹੋਰ ਜਾਣਕਾਰੀ ਆਉਣ ਵਾਲੇ ਦਿਨਾਂ ਵਿਚ ਇਮੀਗ੍ਰੇਸ਼ਨ ਵੈਬਸਾਈਟ ਉਤੇ ਦਿੱਤੀ ਜਾ ਰਹੀ ਹੈ। ਅਰਜ਼ੀਦਾਤਾ ਕੋਲ ਮਿਆਦ ਵਾਲਾ ਪਾਸਪੋਰਟ, ਵਧੀਆ ਚਰਿੱਤਰ, ਨਿਊਜ਼ੀਲੈਂਡ ਰਹਿਣ ਲਈ ਵਾਸਤਵਿਕ ਕਾਰਨ, ਨਿਊਜ਼ੀਲੈਂਡ ਤੁਰੰਤ ਨਾ ਛੱਡਣ ਦਾ ਕਾਰਨ ਅਤੇ ਵੀਜੇ ਦੀ ਮਿਆਦ ਖਤਮ ਹੋਣ ‘ਤੇ ਵਾਪਿਸ ਜਾਣ ਦੀ ਸਹਿਮਤੀ ਦੇਣੀ ਹੋਵੇਗੀ।
ਇਸਦੇ ਉਲਟ ਅਸਥਾਈ ਵੀਜੇ ਵਾਲਿਆਂ ਨੂੰ ਇਹ ਨਹੀਂ ਵਿਖਾਉਣਾ ਹੋਵੇਗਾ ਕਿ ਉਨ੍ਹਾਂ ਕੋਲ ਰਹਿਣ ਲਈ ਕਾਫੀ ਧੰਨ ਹੈ, ਵਾਪਿਸ ਜਾਣ ਵਾਸਤੇ ਹਵਾਈ ਪ੍ਰਬੰਧ ਹੈ, ਸਿਹਤਯਾਬੀ ਅਤੇ ਰਹਿਣ ਲਈ ਨਿਰਧਾਰਤ ਪੈਸਾ ਜੋ ਕਿ ਸਮੇਂ ਅਨੁਸਾਰ ਹੁੰਦਾ ਹੈ। ਸੋ ਅੰਤ ਵਿਚ ਇਹ ਹੀ ਕਿਹਾ ਜਾ ਸਕਦਾ ਹੈ ਕਿ ਇਮੀਗ੍ਰੇਸ਼ਨ ਚਾਹੁੰਦੀ ਹੈ ਕਿ ਜਿੰਨੇ ਵੀ ਇਥੇ ਕੋਵਿਡ-19 ਕਰਕੇ ਰੁਕੇ ਹੋਏ ਹਨ ਉਹ ਆਪਣੀ ਵਤਨ ਵਾਪਿਸੀ ਦਾ ਪ੍ਰਬੰਧ ਇਥੇ ਕਾਨੂੰਨੀ ਤੌਰ ‘ਤੇ ਰਹਿੰਦਿਆ ਹੀ ਕਰ ਲੈਣ