ਮੋਗਾ, 23 ਅਗਸਤ 2020: ਸਥਾਨਕ ਕੋਟਕਪੂਰਾ ਸੜਕ ਉਤੇ ਪੈਂਦੇ ਪੁੱਲ ਉਪਰ ਕਥਿਤ ਤੌਰ ਉੱਤੇ ਖਾਲਿਸਤਾਨ ਦਾ ਝੰਡਾ ਲਗਾਉਣ ਦੇ ਮਾਮਲੇ ਨੂੰ ਜ਼ਿਲਾ ਪੁਲਿਸ ਮੁਖੀ ਸ੍ਰ ਹਰਮਨਬੀਰ ਸਿੰਘ ਗਿੱਲ ਨੇ ਕਿਸੇ ਸ਼ਰਾਰਤੀ ਵਿਅਕਤੀ ਵੱਲੋਂ ਕੀਤਾ ਕੰਮ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਅਜਿਹੀਆਂ ਸ਼ਰਾਰਤਾਂ ਕਰਨ ਵਾਲਿਆਂ ਨਾਲ ਪੁਲਿਸ ਵੱਲੋਂ ਸਖਤੀ ਨਾਲ ਨਿਪਟਿਆ ਜਾਵੇਗਾ।
ਸ੍ਰ ਗਿੱਲ ਨੇ ਕਿਹਾ ਕਿ ਭਾਂਵੇ ਕਿ ਮਾਣਯੋਗ ਸੁਪਰੀਮ ਕੋਰਟ ਅਨੁਸਾਰ ਅਜਿਹਾ ਕੋਈ ਵੀ ਝੰਡਾ ਲਗਾਉਣਾ ਕਾਨੂੰਨੀ ਅਪਰਾਧ ਨਹੀਂ ਹੈ ਕਿਉਂਕਿ ਇਹ ਝੰਡਾ ਕੋਈ ਮਾਨਤਾ ਪ੍ਰਾਪਤ ਝੰਡਾ ਨਹੀਂ ਹੈ। ਪਰ ਫਿਰ ਵੀ ਜੇਕਰ ਇਹ ਕੰਮ ਗਲਤ ਮਨਸ਼ਾ ਨਾਲ ਕੀਤਾ ਜਾਂਦਾ ਹੈ ਤਾਂ ਉਹ ਸਜ਼ਾਯੋਗ ਅਪਰਾਧ ਹੈ। ਮੋਗਾ ਪੁਲਿਸ ਵੱਲੋਂ ਇਹ ਝੰਡਾ ਲਗਾਉਣ ਵਾਲਿਆਂ ਦੀ ਭਾਲ ਕੀਤੀ ਜਾ ਰਹੀ ਹੈ। ਇਹਨਾਂ ਸ਼ਰਾਰਤੀ ਲੋਕਾਂ ਨੂੰ ਜਲਦ ਹੀ ਫੜ ਕੇ ਸਲਾਖਾਂ ਪਿੱਛੇ ਸੁੱਟ ਦਿੱਤਾ ਜਾਵੇਗਾ।
ਉਹਨਾਂ ਕਿਹਾ ਕਿ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਵਿਅਕਤੀ ਅਣਜਾਣ ਕਿਸਮ ਦੇ ਸਨ, ਜਿਹਨਾਂ ਨੇ ਜਿੰਦਾਬਾਦ ਸ਼ਬਦ ਨੂੰ ‘ ਜੀਨਦਾਬਾਦ‘ ਲਿਖਿਆ ਹੈ। ਉਹਨਾਂ ਕਿਹਾ ਕਿ ਅਜਿਹੀਆਂ ਸ਼ਰਾਰਤਾਂ ਕੁਝ ਲੋਕ ਆਪਣੇ ਸੌੜੇ ਹਿੱਤਾਂ ਖਾਤਰ ਕਰਦੇ ਹਨ। ਜੇਕਰ ਅਜਿਹਾ ਕੋਈ ਵਿਅਕਤੀ ਸਾਹਮਣੇ ਆਵੇਗਾ ਤਾਂ ਉਸ ਨਾਲ ਵੀ ਸਖਤੀ ਨਾਲ ਪੇਸ਼ ਆਇਆ ਜਾਵੇਗਾ।