ਬਠਿੰਡਾ, 2 ਸਤੰਬਰ 2020 – ਯੂਥ ਵੀਰਾਂਗਨਾਂਏਂ (ਰਜਿ.) ਇਕਾਈ ਬਠਿੰਡਾ ਵੱਲੋਂ ਕੋਵਿਡ-19 ਕੋਰੋਨਾ ਮਹਾਮਾਰੀ ਦੇ ਚਲਦਿਆਂ ਪਰਸ ਰਾਮ ਨਗਰ, ਆਲਮ ਬਸਤੀ ਵਿਖੇ ਕਰਵਾਏ ਇੱਕ ਸਮਾਗਮ ਦੌਰਾਨ ਸਥਾਨਕ ਲੋਕਾਂ ਨੂੰ ਮਾਸਕ ਅਤੇ ਸੈਨੇਟਾਈਜਰ ਵੰਡੇ ਗਏ। ਇਸ ਮੌਕੇ ਚਮਕੌਰ ਸਿੰਘ ਐਸਐਚਓ ਕੈਨਾਲ ਕਲੋਨੀ ਨੇ ਮੁੱਖ ਮਹਿਮਾਨ ਅਤੇ ਰਤਨ ਰਾਹੀ ਬਲਾਕ ਪ੍ਰਧਾਨ ਕਾਂਗਰਸ ਕਮੇਟੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੁੱਖ ਮਹਿਮਾਨ ਚਮਕੌਰ ਸਿੰਘ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਨੇ ਬਹੁਤ ਸਾਰੇ ਲੋਕਾਂ ਦੀ ਜਾਨ ਲੈ ਲਈ ਸਾਨੂੰ ਇਸ ਬਿਮਾਰੀ ਨੂੰ ਹਲਕੇ ਵਿਚ ਨਹੀਂ ਲੈਣਾ ਚਾਹੀਦਾ ਅਤੇ ਹਮੇਸ਼ਾਂ ਹੀ ਸਰਕਾਰ ਵੱਲੋਂ ਜਾਰੀ ਕੀਤੇ ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਮੌਕੇ ਯੂਥ ਵੀਰਾਂਗਣਾਂ ਨੀਤੂ ਸ਼ਰਮਾ ਨੇ ਕਿਹਾ ਕਿ ਸਾਡੀ ਸੰਸਥਾ ਪਿਛਲੇ 10 ਸਾਲਾਂ ਤੋਂ ਸਮਾਜ ਭਲਾਈ ਦੇ ਕੰਮਾਂ ਵਿਚ ਲੱਗੀ ਹੋਈ ਹੈ।
ਅੱਜ ਇੱਥੇ ਯੂਥ ਵਲੰਟੀਅਰਾਂ ਵੱਲੋਂ 50 ਸੈਨੀਟਾਈਜਰ ਅਤੇ 500 ਮਾਸਕ ਹੱਥੀਂ ਤਿਆਰ ਕਰਕੇ ਵੰਡੇ ਗਏ ਹਨ। ਇਸ ਮੌਕੇ ਕਾਂਗਰਸੀ ਆਗੂ ਰਤਨ ਰਾਹੀ ਨੇ ਯੂਥ ਵਲੰਟੀਅਰਾਂ ਵੱਲੋਂ ਉਨ੍ਹਾਂ ਦੇ ਇਲਾਕੇ ’ਚ ਕੋਰੋਨਾ ਮਹਾਮਾਰੀ ਦੇ ਚਲਦਿਆਂ ਮਾਸਕ ਅਤੇ ਸੈਨੀਟਾਈਜਰ ਵੰਡਣ ਅਤੇ ਜਾਗਰੂਕਤਾ ਦਾ ਸੰਦੇਸ਼ ਦੇਣ ਲਈ ਵਲੰਟੀਅਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਯੂਥ ਵਲੰਟੀਅਰ ਸਪਨਾ ਨੇ ਕਿਹਾ ਕਿ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਘਰੋਂ ਨਿਕਲਣ ਵੇਲੇ ਹਰ ਵਿਅਕਤੀ ਲਈ ਮਾਸਕ ਪਹਿਨਣਾ ਲਾਜਮੀ ਹੈ ਤਾਂ ਹੀ ਅਸੀਂ ਸੁਰੱਖਿਅਤ ਰਹਿ ਸਕਦੇ ਹਾਂ ਇਸ ਲਈ ਮਾਸਕ ਇੱਕ ਜਰੂਰੀ ਵਸਤੂ ਬਣ ਗਿਆ ਹੈ। ਉਨ੍ਹਾਂ ਹਰ ਨਾਗਰਿਕ ਨੂੰ ਘਰੋਂ ਨਿਕਲਣ ਵੇਲੇ ਮਾਸਕ ਪਹਿਨਣ ਲਈ ਅਪੀਲ ਵੀ ਕੀਤੀ। ਇਸ ਮੌਕੇ ਯੂਥ ਵਲੰਟੀਅਰ ਰਮਾ ਬਿੰਦਲ, ਜਸਵੰਤ ਕੌਰ, ਸੁਖਵੀਰ ਕੌਰ, ਪ੍ਰੇਮ ਆਦਿ ਹਾਜਰ ਸਨ।