ਸ੍ਰੀ ਮੁਕਤਸਰ ਸਾਹਿਬ, 30 ਅਗਸਤ 2020 – ਥਾਣਾ ਸਦਰ ਪੁਲਿਸ ਟੀਮਾਂ ਨੇ ਦੋ ਵੱਖ-ਵੱਖ ਮਾਮਲਿਆਂ ’ਚ ਨਜਾਇਜ਼ ਸ਼ਰਾਬ ਤੇ ਲਾਹਣ ਸਮੇਤ ਤਿੰਨ ਸਮਗਲਰਾਂ ਨੂੰ ਕਾਬੂ ਕੀਤਾ ਹੈ। ਥਾਣੇ ਦੇ ਏਐਸਆਈ ਦੌਲਤ ਰਾਮ ਨੇ ਦੱਸਿਆ ਕਿ ਪੁਲਿਸ ਟੀਮ ਵੱਲੋਂ ਪਿੰਡ ਬੱਲਮਗੜ੍ਹ ਵਿਖੇ ਨਾਕਾਬੰਦੀ ਕੀਤੀ ਗਈ ਸੀ, ਜਿਸ ਤਹਿਤ ਸੜਕ ’ਤੇ ਆ ਰਹੇ ਦੋ ਵਿਅਕਤੀਆਂ, ਜਿੰਨ੍ਹਾਂ ਦੇ ਹੱਥ ਵਿੱਚ ਪਲਾਸਟਿਕ ਦੀ ਕੈਨੀ ਸੀ, ਨੂੰ ਸ਼ੱਕ ਦੇ ਅਧਾਰ ’ਤੇ ਰੋਕਿਆ ਗਿਆ, ਜਿਨ੍ਹਾਂ ਕੋਲ ਮੌਜੂਦ ਕੈਨੀ ਦੀ ਜਦੋਂ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਨਜਾਇਜ਼ ਸ਼ਰਾਬ ਦੀਆਂ ਕਰੀਬ 21 ਬੋਤਲਾਂ ਮਿਲੀਆਂ, ਜਿਸ ਤੋਂ ਬਾਅਦ ਦੋਵਾਂ ਵਿਅਕਤੀਆਂ ਨੂੰ ਪੁਲਸ ਟੀਮ ਕਾਬੂ ਕਰ ਲਿਆ, ਜਿੰਨ੍ਹਾਂ ਦੀ ਪਛਾਣ ਬਲਕਾਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਚੱਕ ਬਲੌਚਾ ਮਾਹਲਮ ਅਤੇ ਹਰਜਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਢਾਬਾ ਵਜੋਂ ਹੋਈ ਹੈ। ਦੂਜੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਹੌਲਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ’ਤੇ ਪੁਲਸ ਨੇ ਪਿੰਡ ਜਵਾਹਰੇਵਾਲਾ ਦੇ ਰਹਿਣ ਵਾਲੇ ਨਛੱਤਰ ਸਿੰਘ ਪੁੱਤਰ ਕਰਨੈਲ ਸਿੰਘ ਦੇ ਘਰ ਰੇਡ ਕਰਕੇ ਉਸਨੂੰ ਘਰ ਵਿੱਚ ਪਈ 150 ਲਿਟਰ ਲਾਹਣ ਸਮੇਤ ਕਾਬੂ ਕੀਤਾ ਹੈ। ਉਕਤ ਦੋਵੇਂ ਮਾਮਲਿਆਂ ਵਿੱਚ ਆਬਕਾਰੀ ਐਕਟ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।