ਸ੍ਰੀ ਮੁਕਤਸਰ ਸਾਹਿਬ, 30 ਅਗਸਤ 2020 – ਪੰਜਾਬ ਸਰਕਾਰ ਦੁਆਰਾ ਚਾਲਏ ਜਾ ਰਹੇ ਮਿਸ਼ਨ ਫਤਿਹ ਤਹਿਤ ਡੀ.ਸੁਡਰਵਿਲੀ ਐਸ.ਐਸ.ਪੀ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪੁਲਿਸ ਦੀਆ ਅਲੱਗ-ਅਲੱਗ ਪੁਲਿਸ ਟੀਮਾਂ ਵੱਲੋਂ ਕੋਰੋਨਾ ਵਾਇਰਸ ਬਿਮਾਰੀ ਤੋਂ ਸਾਵਧਾਨੀਆਂ ਵਰਤਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਮਾਸਕ ਵੰਡੇ ਜਾ ਰਹੇ ਹਨ, ਪਰ ਮੈਡੀਕਲ ਪ੍ਰੋਟੋਕਾਲ ਜਿਵੇਂ ਕਿ ਸਮਾਜਿਕ ਦੂਰੀ ਬਣਾ ਕੇ ਰੱਖਣਾ, ਮਾਸਕ ਪਾਉਣਾ ਲਾਜ਼ਮੀ ਹਨ, ਜਿਸ ਦੀ ਸਖਤੀ ਨਾਲ ਮੁਹਿਮ ਨੂੰ ਹੋਰ ਤੇਜ਼ ਕਰਦਿਆਂ ਜ਼ਿਲ੍ਹੇ ਅੰਦਰ ਹੁਣ ਤੱਕ ਮਾਸਕ ਨਾ ਪਾਉਣ ਵਾਲੇ 14430 ਵਿਅਕਤੀਆ ਨੂੰ 63 ਲੱਖ 81 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਸੁਡਰਵਿਲੀ ਐਸ.ਐਸ.ਪੀ ਨੇ ਦੱਸਿਆ ਕਿ ਹੋਮ ਕੁਆਰੰਟੀਨ ਦੀ ਉਲੰਘਣਾ ਕਰਨ ਵਾਲੇ 14 ਵਿਅਕਤੀਆਂ ਨੂੰ 13 ਹਜ਼ਾਰ, ਜਨਤਕ ਥਾਂਵਾਂ ’ਤੇ ਥੁੱਕਣ ਵਾਲੇ 3360 ਵਿਅਕਤੀਆ ਨੂੰ 654400 ਰੁਪਏ ਅਤੇ ਸਮਾਜਿਕ ਦੂਰੀ ਦੀ ਉਲੰਘਣਾ ਕਰਨ ਵਾਲੇ 2 ਵਿਅਕਤੀਆਂ ’ਤੇ 4000 ਰੁਪਏ ਜੁਰਮਾਨਾ ਲਗਾਇਆ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਕੋਵਿਡ-19 ਪ੍ਰਤੀ ਸਰਕਾਰ ਦੀਆਂ ਸਾਰੀਆਂ ਹਦਾਇਤਾਂ ਦਾ ਪੂਰਨ ਪਾਲਣ ਕਰਨ।