ਕੋਟਕਪੂਰਾ, 30 ਅਗਸਤ 2020: ਪਹਿਲਾਂ ਪੰਥਕ ਆਧਾਰ ਗੁਆ ਚੁੱਕੇ ਅਕਾਲੀ ਦਲ ਬਾਦਲ ਲਈ ਕੇਂਦਰ ਸਰਕਾਰ ਦੇ ਤਿੰਨ ਕਿਸਾਨ ਮਾਰੂ ਖੇਤੀ ਆਰਡੀਨੈਂਸ ਵੀ ਪ੍ਰੇਸ਼ਾਨੀ ਦਾ ਸਬੱਬ ਬਣ ਰਹੇ ਹਨ। ਕਿਸਾਨ ਜਥੇਬੰਦੀਆਂ ਵਲੋਂ ਪਿੰਡਾਂ ‘ਚ ਅਕਾਲੀ-ਭਾਜਪਾ ਗਠਜੋੜ ਆਗੂਆਂ ਦੇ ਦਾਖਲੇ ਦੇ ਵਿਰੋਧ ‘ਚ ਕੀਤੀ ਗਈ ਨਾਕਾਬੰਦੀ ਨੇ ਰਾਜਨੀਤਿਕ ਸਮੀਕਰਨਾ ਨੂੰ ਅਸਲੋਂ ਹੀ ਬਦਲ ਕੇ ਰੱਖ ਦਿੱਤਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਜਿਲਾ ਇਕਾਈ ਫਰੀਦਕੋਟ ਦੇ ਪ੍ਰਧਾਨ ਅਜੈਪਾਲ ਸਿੰਘ ਸੰਧੂ ਨੇ ਦਾਅਵਾ ਕੀਤਾ ਕਿ ਹੁਣ ਅਕਾਲੀ-ਭਾਜਪਾ ਗਠਜੋੜ ਦਾ ਪੰਜਾਬ ‘ਚ ਕੋਈ ਆਧਾਰ ਨਹੀਂ ਰਹਿ ਗਿਆ। ਕਿਉਂਕਿ ਤਤਕਾਲੀਨ ਅਕਾਲੀ-ਭਾਜਪਾ ਗਠਜੋੜ ਸਰਕਾਰ ਮੌਕੇ ਇਕ ਵੱਡੇ ਅਕਾਲੀ ਆਗੂ ਦੇ ਰਿਸ਼ਤੇਦਾਰ ਦੀ ਫੈਕਟਰੀ ਦੇ ਨਕਲੀ ਬੀਜਾਂ ਅਤੇ ਨਕਲੀ ਦਵਾਈਆਂ ਕਾਰਨ ਕਿਸਾਨਾ ਦੀ ਹਜਾਰਾਂ ਏਕੜ ਜਮੀਨ ‘ਚ ਬੀਜੀਆਂ ਫਸਲਾਂ ਨੁਕਸਾਨੀਆਂ ਜਾਣ ਦੇ ਵਿਰੋਧ ‘ਚ ਕਰੀਬ ਪੰਜ ਸਾਲ ਪਹਿਲਾਂ ਕਿਸਾਨਾਂ ਨੇ ਬਠਿੰਡਾ ਸ਼ਹਿਰ ‘ਚ ਰੱਖੇ ਵੱਡੇ ਕਿਸਾਨ ਮੇਲੇ ‘ਚ ਮਹਿਮਾਨਾ ਦੇ ਤੌਰ ‘ਤੇ ਪਹੁੰਚਣ ਵਾਲੇ ਅਕਾਲੀ ਮੰਤਰੀਆਂ, ਵਿਧਾਇਕਾਂ ਅਤੇ ਸੀਨੀਅਰ ਆਗੂਆਂ ਨੂੰ ਮੇਲੇ ‘ਚ ਸ਼ਾਮਲ ਹੋਣ ਤੋਂ ਰੋਕਣ ਦੀ ਜੁਰਅੱਤ ਦਿਖਾਈ ਸੀ, ਮੰਤਰੀਆਂ, ਵਿਧਾਇਕਾਂ ਅਤੇ ਸੀਨੀਅਰ ਅਕਾਲੀ ਆਗੂਆਂ ਦੇ ਨਾਮ ਵਾਲੀਆਂ ਤਖਤੀਆਂ ਲੱਗੀਆਂ ਖਾਲੀ ਕੁਰਸੀਆਂ ਦੀਆਂ ਫੋਟੋ ਸਮੇਤ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਸਨ। ਸ੍ਰ ਸੰਧੂ ਮੁਤਾਬਿਕ ਸਾਡੇ ਕਿਸਾਨ ਵੀਰ ਉਸ ਵੇਲੇ ਬਾਦਲ ਸਰਕਾਰ ਦੇ ਪੈਂਤੜੇ ਤੋਂ ਮਾਰ ਖਾ ਗਏ, ਜਦੋਂ ਬਾਦਲਾਂ ਨੇ ਗੁਰੂਆਂ ਦੀਆਂ ਨਿਸ਼ਾਨੀਆਂ ਦੱਸ ਕੇ ਇਕ ਬੱਸ ਪੰਜਾਬ ਦੇ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ‘ਚ ਸੰਗਤਾਂ ਦੇ ਦਰਸ਼ਨਾ ਲਈ ਭੇਜ ਦਿੱਤੀ। ਉਨਾਂ ਦੱਸਿਆ ਕਿ ਇਹ ਦੂਜਾ ਮੌਕਾ ਹੈ, ਜਦੋਂ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਜਾਰੀ ਕੀਤੇ ਤਿੰਨ ਕਿਸਾਨ ਮਾਰੂ ਖੇਤੀ ਆਰਡੀਨੈਂਸਾਂ ਦੇ ਵਿਰੋਧ ‘ਚ ਅਕਾਲੀਆਂ ਵਿਰੁੱਧ ਪਿੰਡ-ਪਿੰਡ ਨਾਕੇਬੰਦੀ ਵੀ ਹੋ ਰਹੀ ਹੈ ਅਤੇ ਅਕਾਲੀਆਂ ਦਾ ਥਾਂ-ਥਾਂ ਵਿਰੋਧ ਕਰਕੇ ਪੁਤਲੇ ਤੱਕ ਫੂਕੇ ਜਾ ਰਹੇ ਹਨ।
ਅਜੈਪਾਲ ਸਿੰਘ ਸੰਧੂ ਨੇ ਦੋਸ਼ ਲਾਇਆ ਕਿ ਬੀਬਾ ਹਰਸਿਮਰਤ ਕੌਰ ਬਾਦਲ ਲੋਕ ਸਭਾ ‘ਚ ਤਿੰਨ ਖੇਤੀ ਆਰਡੀਨੈਂਸ ਲਾਗੂ ਕਰਨ ਦਾ ਮਤਾ ਪਾਸ ਕਰਨ ਲਈ ਸਹਿਮਤੀ ਦੇ ਰਹੇ ਹਨ ਤੇ ਪੰਜਾਬ ‘ਚ ਆ ਕੇ ਉਹ ਉਕਤ ਆਰਡੀਨੈਂਸਾਂ ਦਾ ਵਿਰੋਧ ਕਰਨ ਦੀ ਡਰਾਮੇਬਾਜੀ ਕਰਕੇ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਅਸਫਲ ਕੌਸ਼ਿਸ਼ ਕਰ ਰਹੇ ਹਨ। ਉਨਾਂ ਹੈਰਾਨੀ ਪ੍ਰਗਟਾਈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਦਾਅਵਾ ਕਰਦੇ ਹਨ ਕਿ ਐਮਐਸਪੀ ਜਾਰੀ ਰੱਖਣ ਸਬੰਧੀ ਉਨਾਂ ਕੋਲ ਕੇਂਦਰ ਸਰਕਾਰ ਦਾ ਲਿਖਤੀ ਪੱਤਰ ਮੌਜੂਦ ਹੈ ਪਰ 28 ਅਗਸਤ ਦੇ ਸ਼ੈਸ਼ਨ ‘ਚ ਕੋਈ ਵੀ ਅਕਾਲੀ ਆਗੂ ਵਿਧਾਨ ਸਭਾ ‘ਚ ਉਕਤ ਪੱਤਰ ਦਿਖਾ ਕੇ ਆਪਣਾ ਪੱਖ ਰੱਖਣ ਦੀ ਬਜਾਇ ਉਲਟਾ ਵਿਧਾਨ ਸਭਾ ‘ਚ ਦਾਖਲ ਹੋਣ ਦੀ ਜੁਰਅੱਤ ਹੀ ਨਹੀਂ ਦਿਖਾ ਸਕਿਆ, ਕਿਉਂਕਿ ਉਨਾਂ ਦੀ ਡਰਾਮੇਬਾਜੀ ਤੋਂ ਲੋਕ ਜਾਣੂ ਹੋ ਚੁੱਕੇ ਹਨ। ਸ੍ਰ. ਸੰਧੂ ਨੇ ਇਕ ਸਵਾਲ ਦੇ ਜਵਾਬ ‘ਚ ਦੱਸਿਆ ਕਿ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਸਾਬਕਾ ਅਕਾਲੀ ਐਮ.ਪੀ. ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਬਿਲਕੁੱਲ ਉਲਟ ਬਿਆਨ ਜਾਰੀ ਕਰ ਰਹੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਸਾਰੀਆਂ ਪਾਰਟੀਆਂ ਦੀ ਸਹਿਮਤੀ ਨਾਲ ਤਿੰਨ ਖੇਤੀ ਆਰਡੀਨੈਂਸਾਂ ਨੂੰ ਰੱਦ ਕਰਾਉਣ ਲਈ ਕੇਂਦਰ ਸਰਕਾਰ ਤੱਕ ਪਹੁੰਚ ਕਰਨੀ ਚਾਹੀਦੀ ਹੈ। ਅਜੈਪਾਲ ਸਿੰਘ ਸੰਧੂ ਨੇ ਆਖਿਆ ਕਿ ਅਕਾਲੀ ਆਗੂਆਂ ਨੇ ਵੋਟਰਾਂ ਤੋਂ ਇਸ ਸ਼ਰਤ ‘ਤੇ ਵੋਟਾਂ ਮੰਗੀਆਂ ਸਨ ਕਿ ਉਹ ਆਮ ਲੋਕਾਂ ਦੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਵਿਧਾਨ ਸਭਾ ‘ਚ ਰੱਖਣਗੇ ਪਰ ਉਨਾਂ ਵਿਧਾਨ ਸਭਾ ਸ਼ੈਸ਼ਨ ‘ਚ ਸ਼ਮੂਲੀਅਤ ਨਾ ਕਰਕੇ ਆਪਣੇ ਵੋਟਰਾਂ, ਸਮਰਥਕਾਂ ਅਤੇ ਆਮ ਲੋਕਾਂ ਨਾਲ ਧੋਖੇਬਾਜੀ ਕੀਤੀ ਹੈ, ਜਿਸ ਦਾ ਖਮਿਆਜਾ ਉਨਾਂ ਨੂੰ ਲੋਕ ਕਚਹਿਰੀ ‘ਚ ਭੁਗਤਣਾ ਪਵੇਗਾ।