ਚੰਡੀਗੜ੍ਹ,28 ਅਗਸਤ 2020 – ਕੋਰੋਨਾ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਕੀਤੇ ਜਾਂਦੇ ਵਿਰੋਧ ਪ੍ਰਦਰਸ਼ਨ ਦੇ ਢੰਗ ਤਰੀਕੇ ਵੀ ਬਦਲ ਗਏ। ਇਸੇ ਤਰ੍ਹਾਂ ਦਾ ਵੱਖਰੇ ਕਿਸਮ ਦਾ ਵਿਰੋਧ ਪ੍ਰਦਰਸ਼ਨ ਸੂਬੇ ਦੀ ਸੱਤਾ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਅਦਾ ਕਰ ਰਹੀ ਆਮ ਆਦਮੀ ਪਾਰਟੀ ਵੱਲੋਂ ਕੀਤਾ ਗਿਆ। ਜਿਕਰਯੋਗ ਹੈ ਕਿ ਅੱਜ ਹੋ ਰਹੇ ਪੰਜਾਬ ਵਿਧਾਨ ਸਭਾ ਦੇ ਇੱਕ ਦਿਨ ਦੇ ਇਜਲਾਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਪੀ ਪੀ ਈ ਕਿੱਟ ਪਾ ਕੇ ਸਦਨ ‘ਚ ਹਾਜ਼ਰੀ ਲਗਾਉਣ ਲਈ ਪਹੁੰਚੇ। ਵਿਧਾਇਕਾਂ ਨੇ ਹੱਥਾਂ ਦੇ ਵਿੱਚ ਆਪਣੀਆਂ ਨੈਗਟਿਵ ਕੋਰੋਨਾ ਰਿਪੋਰਟ ਫੜੀਆਂ ਹੋਈਆਂ ਸਨ ਅਤੇ ਸਰਕਾਰ ਦੇ ਖਿਲਾਫ਼ ਆਵਾਜ਼ ਬੁਲੰਦ ਕਰ ਰਹੇ ਸਨ ਇਸ ਸੰਬੰਧੀ ਪਾਰਟੀ ਵਿਧਾਇਕਾਂ ਨੇ ਕਿਹਾ ਕਿ ਕਿਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੋਰੋਨਾ ਨਾ ਹੋ ਜਾਵੇ ਇਸ ਲਈ ਅਸੀਂ ਪੀ ਪੀ ਈ ਕਿੱਟ ਪਾਈਆਂ ਹੋਈਆਂ ਹਨ।