ਚੰਡੀਗੜ੍ਹ, 27 ਅਗਸਤ – ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਖੇਤੀ ਆਰਡੀਨੈਂਸ ਸੰਬੰਧੀ ਸਾਂਝੀ ਰਾਇ ਰੱਖ ਕੇ ਕੇਂਦਰ ਸਰਕਾਰ ਤੱਕ ਪਹੁੰਚ ਕਰਨ ਦੀ ਅਪੀਲ ਕੀਤੀ ਹੈ|
ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿੱਚ ਉਹਨਾਂ ਮੁੱਖ ਮੰਤਰੀ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਮੌਜੂਦਾ ਸੂਬਾ ਸਰਕਾਰ ਵੱਲੋਂ 2017 ਵਿੱਚ ਪੰਜਾਬ ਅੰਦਰ ਖੇਤੀ ਉਤਪਾਦ ਦੀ ਖਰੀਦ ਲਈ ਪ੍ਰਾਈਵੇਟ ਮੰਡੀਕਰਨ ਕਰਨ ਦਾ ਕਾਨੂੰਨ ਪਾਸ ਕੀਤਾ ਗਿਆ ਸੀ ਅਤੇ ਪੰਜਾਬ ਸਰਕਾਰ ਦੇ ਇਸ ਕਾਨੂੰਨ ਦੀ ਤਰਜ਼ ਤੇ ਹੀ ਕੇਂਦਰ ਸਰਕਾਰ ਨੇ ਖੇਤੀ ਦੇ ਉਤਪਾਦਨ ਦੀ ਖਰੀਦ ਤੇ ਵਪਾਰ ਸਬੰਧੀ ਆਰਡੀਨੈਂਸ ਪਾਸ ਕੀਤਾ ਗਿਆ ਹੈ ਜਿਸ ਕਰਕੇ ਦੇਸ਼ ਦੇ ਕਿਸਾਨਾਂ ਅੰਦਰ ਕਈ ਸ਼ੰਕੇ ਅਤੇ ਖ਼ਦਸ਼ੇ ਪੈਦਾ ਹੋਏ ਹਨ|
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਇਸ ਆਰਡੀਨੈਂਸ ਕਾਰਨ ਪੰਜਾਬ ਅਤੇ ਹਰਿਆਣੇ ਦੇ ਕਿਸਾਨਾਂ ਵਿੱਚ ਐਮ.ਐਸ.ਪੀ. ਤੋਂ ਇਲਾਵਾ ਸਰਕਾਰੀ ਖਰੀਦ ਅਤੇ ਏ. ਪੀ. ਐਮ. ਸੀ. ਟੁੱਟਣ ਦਾ ਡਰ ਮੰਡਰਾ ਰਿਹਾ ਹੈ| ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਤੇ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਨੂੰ ਮੁੱਦੇ ਦਾ ਰਾਜਸੀਕਰਨ ਕਰਕੇ ਸਿਆਸੀ ਰੋਟੀਆਂ ਸੇਕਣ ਦੇ ਬਜਾਏ ਕਿਸਾਨਾਂ ਤੇ ਪੰਜਾਬ ਦੇ ਭਲੇ ਲਈ ਸਾਂਝੀ ਰਾਏ ਬਣਾ ਕੇ ਕੇਂਦਰ ਸਰਕਾਰ ਤੋਂ ਐਮ.ਐਸ.ਪੀ. ਅਤੇ ਸਰਕਾਰੀ ਖਰੀਦ ਸੰਬੰਧੀ ਲਿਖਤੀ ਤੌਰ ਤੇ ਸਪਸ਼ਟੀਕਰਨ ਲੈਣਾ ਚਾਹੀਦਾ ਹੈ|
ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਕਿਸਾਨਾਂ ਵਿੱਚ ਬਣ ਰਹੇ ਅਣਸੁਖਾਵੇਂ ਮਾਹੌਲ ਨੂੰ ਸੁਖਾਵਾਂ ਬਣਾਉਣ ਲਈ ਸਾਂਝੀ ਰਾਇ ਬਣ ਕੇ ਕੇਂਦਰ ਸਰਕਾਰ ਤੱਕ ਪਹੁੰਚ ਕਰਨ ਲਈ ਪਹਿਲਕਦਮੀ ਕਰਨ ਦੀ ਅਪੀਲ ਕੀਤੀ| ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਜੇਕਰ ਪੰਜਾਬ ਦੇ ਮੁੱਖ ਮੰਤਰੀ ਅਜਿਹਾ ਫਰਜ਼ ਨਹੀਂ ਨਿਭਾਉਂਦੇ ਤਾਂ ਪੰਜਾਬ ਦੇ ਕਿਸਾਨਾਂ ਦੀ ਮੰਗ ਨੂੰ ਦੇਖਦਿਆਂ ਭਵਿੱਖ ਵਿੱਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਨੂੰ ਇਨ੍ਹਾਂ ਮੁੱਦਿਆਂ ਤੇ ਆਮ ਸਹਿਮਤੀ ਬਣਾ ਕੇ ਕੇਂਦਰ ਸਰਕਾਰ ਕੋਲ ਪੱਖ ਰੱਖਣ ਲਈ ਟੀਮ ਦੀ ਅਗਵਾਈ ਕਰਨ ਲਈ ਕਿਹਾ ਜਾਵੇਗਾ|