ਨਵੀਂ ਦਿੱਲੀ, 24 ਅਕਸਤ-ਭਾਰਤ-ਚੀਨ ਵਿਚਾਲੇ ਜਾਰੀ ਸਰਹੱਦੀ ਵਿਵਾਦ ਤੇ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਨੇ ਵੱਡਾ ਬਿਆਨ ਦਿੱਤਾ ਹੈ| ਉਨ੍ਹਾਂ ਨੇ ਕਿਹਾ ਕਿ ਜੇਕਰ ਚੀਨ ਨਾਲ ਗੱਲਬਾਤ ਨਾਕਾਮ ਹੁੰਦੀ ਹੈ ਤਾਂ ਉਨ੍ਹਾਂ ਨਾਲ ਨਜਿੱਠਣ ਲਈ ਫੌਜੀ ਬਦਲ ਵੀ ਤਿਆਰ ਹੈ| ਇਸ ਬਦਲ ਤੇ ਵਿਚਾਰ ਫ਼ੌਜੀ ਅਤੇ ਡਿਪਲੋਮੈਟਿਕ ਪੱਧਰ ਤੇ ਗੱਲਬਾਤ ਅਸਫਲ ਹੋਣ ਤੋਂ ਬਾਅਦ ਕੀਤਾ ਜਾਵੇਗਾ| ਜਨਰਲ ਰਾਵਤ ਨੇ ਕਿਹਾ ਕਿ ਕੂਟਨੀਤਕ ਪੱਧਰ ਤੇ ਗੱਲਬਾਤ ਚੱਲ ਰਹੀ ਹੈ| ਉਨ੍ਹਾਂ ਕਿਹਾ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਰਾਸ਼ਟਰੀ ਸੁਰੱਖਿਆ ਦੇ ਜ਼ਿੰਮੇਵਾਰ ਲੋਕ ਇਸ ਕੋਸ਼ਿਸ਼ ਨਾਲ ਸਾਰੇ ਬਦਲਾਂ ਤੇ ਵਿਚਾਰ ਕਰ ਰਹੇ ਹਨ ਲੱਦਾਖ ਵਿਚ ਪਹਿਲਾਂ ਵਰਗੇ ਹਾਲਾਤ ਪਰਤ ਆਉਣ|
ਜ਼ਿਕਰਯੋਗ ਹੈ ਕਿ ਚੀਨ ਅਜੇ ਵੀ ਪੈਗੋਂਗ ਦੇ ਇਲਾਕੇ ਵਿੱਚ ਡਟਿਆ ਹੋਇਆ ਹੈ| ਉਹ ਫਿੰਗਰ-5 ਤੋਂ ਪਿੱਛੇ ਜਾਣ ਲਈ ਤਿਆਰ ਨਹੀਂ ਹੈ| ਰਾਵਤ ਨੇ ਕਿਹਾ ਕਿ ਸਰਕਾਰ ਸ਼ਾਂਤੀਪੂਰਨ ਢੰਗ ਨਾਲ ਮਾਮਲਾ ਸੁਲਝਾਉਣਾ ਚਾਹੁੰਦੀ ਹੈ| ਰੱਖਿਆ ਸੇਵਾਵਾਂ ਦਾ ਕੰਮ ਨਿਗਰਾਨੀ ਰੱਖਣਾ ਅਤੇ ਅਜਿਹੇ ਕਬਜ਼ਿਆਂ ਨੂੰ ਘੁਸਪੈਠ ਵਿੱਚ ਤਬਦੀਲ ਹੋਣ ਤੋਂ ਰੋਕਣਾ ਹੈ| ਸਰਕਾਰ ਚਾਹੁੰਦੀ ਹੈ ਕਿ ਸ਼ਾਂਤੀਪੂਰਨ ਤਰੀਕੇ ਨਾਲ ਮੁੱਦੇ ਨੂੰ ਸੁਲਝਾਇਆ ਜਾਵੇ| ਜੇਕਰ ਅਸਲ ਕੰਟਰੋਲ ਰੇਖਾ (ਐਲ. ਏ. ਸੀ.) ਤੇ ਹਾਲਾਤ ਪਹਿਲਾਂ ਵਾਂਗ ਬਹਾਲ ਕਰਨ ਦੀ ਕੋਸ਼ਿਸ਼ ਸਫਲ ਨਹੀਂ ਹੁੰਦੀ ਤਾਂ ਫ਼ੌਜੀ ਕਾਰਵਾਈ ਲਈ ਰੱਖਿਆ ਸੇਵਾਵਾਂ ਹਮੇਸ਼ਾ ਤਿਆਰ ਹਨ|
ਜਿਕਰਯੋਗ ਹੈ ਕਿ ਐਲ. ਏ. ਸੀ. ਤੇ ਵਿਵਾਦ ਸੁਲਝਾਉਣ ਲਈ ਭਾਰਤ ਅਤੇ ਚੀਨ ਵਿਚਾਲੇ ਕਈ ਵਾਰ ਫੌਜੀ ਵਾਰਤਾ ਹੋ ਚੁੱਕੀ ਹੈ| ਇਸ ਵਿੱਚ ਲੈਫਟੀਨੈਂਟ ਜਨਰਲ ਪੱਧਰ ਦੀ ਵਾਰਤਾ ਸ਼ਾਮਲ ਹੈ| ਸੰਯੁਕਤ ਸਕੱਤਰ ਪੱਧਰ ਦੇ ਅਧਿਕਾਰੀ ਚੀਨ ਨਾਲ ਗੱਲ ਕਰ ਰਹੇ ਹਨ| ਕਈ ਦੌਰ ਦੀ ਗੱਲਬਾਤ ਦੇ ਬਾਵਜੂਦ ਪੂਰਬੀ ਲੱਦਾਖ ਵਿਚ ਤਣਾਅ ਘੱਟ ਨਹੀਂ ਹੋ ਰਿਹਾ ਹੈ| ਫੌਜ ਮੁਖੀ ਜਨਰਲ ਮਨੋਜ ਮੁਕੁੰਦ ਨਰਵਾਣੇ ਵੀ ਕਹਿ ਚੁੱਕੇ ਹਨ ਕਿ ਫੌਜ ਹਾਈ ਅਲਰਟ ਤੇ ਹੈ| ਗੌਰਤਲਬ ਹੈ ਕਿ 15 ਜੂਨ ਨੂੰ ਗਲਵਾਨ ਘਾਟੀ ਵਿੱਚ ਹੋਈ ਹਿੰਸਕ ਝੜਪਾਂ ਤੋਂ ਬਾਅਦ ਦੋਹਾਂ ਪੱਖਾਂ ਵਿਚਾਲੇ ਤਣਾਅ ਕਈ ਗੁਣਾ ਵੱਧ ਗਿਆ|