ਸ੍ਰੀ ਮੁਕਤਸਰ ਸਾਹਿਬ, 21 ਅਗਸਤ 2020 – ਬਲਜੀਤ ਕੁਮਾਰ ਜ਼ਿਲ੍ਹਾ ਸਿੱਖਿਆ ਅਫਸਰ ਨੇ ਦੱਸਿਆ ਕਿ ਜਿਵੇਂ ਕਿ ਸਮੂਹ ਸਰਕਾਰੀ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪਹਿਲੀ ਤੋਂ ਅੱਠਵੀ ਜਮਾਤ ਤੱਕ ਦੇ ਬੱਚਿਆਂ ਨੂੰ ਮਿਡ ਡੇ ਮੀਲ (ਦੁਪਹਿਰ ਦਾ ਖਾਣਾ) ਦਿੱਤਾ ਜਾਂਦਾ ਹੈ। ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕੋਵਿਡ-19 ਕਾਰਨ ਸਕੂਲ ਬੰਦ ਹੋਣ ਕਰਕੇ ਬੱਚਿਆਂ ਨੂੰ ਉਨ੍ਹਾਂ ਦੇ ਖਾਤਿਆਂ ਵਿੱਚ ਬਣਦੀ ਕੁਕਿੰਗ ਕਾਸਟ (ਰਾਸ਼ੀ) ਟਰਾਂਸਫਰ ਕਰਨ ਦੇ ਹੁਕਮ ਦਿੱਤੇ ਗਏ ਸਨ, ਜਿਸ ਤਹਿਤ 23 ਮਾਰਚ ਤੋਂ 10 ਮਈ ਤੱਕ ਪਹਿਲਾਂ ਹੀ ਸਕੂਲਾਂ ਨੂੰ ਬੱਚਿਆਂ ਦੇ ਖਾਤੇ ਵਿੱਚ ਟਰਾਂਸਫਰ ਕਰਨ ਲਈ ਰਾਸ਼ੀ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ।
ਸੁਖਦਰਸ਼ਨ ਸਿੰਘ ਉੱਪ-ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ) ਨੇ ਦੱਸਿਆ ਕਿ ਹੁਣ ਫਿਰ ਪੰਜਾਬ ਸਟੇਟ ਮਿਡ ਡੇ ਮੀਲ ਮੋਹਾਲੀ ਤੋਂ ਕੁਕਿੰਗ ਕਾਸਟ 1.75 ਕਰੋੜ ਦੀ ਰਾਸ਼ੀ, ਜੋ ਕਿ 11 ਮਈ ਤੋਂ 30 ਜੂਨ ਤੱਕ ਦੀ ਰਾਸ਼ੀ ਪ੍ਰਾਪਤ ਹੋ ਗਈ ਹੈ, ਜੋ ਕਿ ਸਕੂਲਾਂ ਨੂੰ ਜਲਦ ਟਰਾਂਸਫਰ ਕੀਤੀ ਜਾ ਰਹੀ ਹੈ। ਇਹ ਸਕੀਮ ਬੱਚਿਆਂ ਦੇ ਲਈ ਲਾਹੇਵੰਦ ਸਾਬਿਤ ਹੋ ਰਹੀ ਹੈ। ਰਾਹੁਲ ਬਖਸ਼ੀ ਜ਼ਿਲ੍ਹਾ ਲੇਖਾਕਾਰ ਮਿਡ ਡੇ ਮੀਲ ਵੱਲੋਂ ਮੁਕੰਮਲ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪ੍ਰਾਪਤ ਰਾਸ਼ੀ ਅਨੁਸਾਰ 329 ਪ੍ਰਾਇਮਰੀ ਸਕੂਲਾਂ (ਪਹਿਲੀ ਤੋਂ ਪੰਜਵੀਂ) ਵਿੱਚ ਪੜ੍ਹਦੇ 37,265 ਵਿਦਿਆਰਥੀਆਂ ਲਈ 196.84 ਪ੍ਰਤੀ ਬੱਚਾ ਅਤੇ 228 ਅਪਰ-ਪ੍ਰਾਇਮਰੀ (ਛੇਵੀਂ ਤੋਂ ਅੱਠਵੀਂ) ਵਿੱਚ ਪੜ੍ਹਦੇ 26,384 ਵਿਦਿਆਰਥੀਆਂ ਲਈ 295.04 ਪ੍ਰਤੀ ਬੱਚਾ ਟਰਾਂਸਫਰ ਕੀਤੇ ਜਾਣਗੇ। ਜੇਕਰ ਬੱਚੇ ਦਾ ਖਾਤਾ ਉਪਲੱਬਧ ਨਹੀਂ ਹੈ ਤਾਂ ਵਿਦਿਆਰਥੀ ਦੀ ਸਹਿਮਤੀ ਨਾਲ ਮਾਤਾ ਜਾਂ ਪਿਤਾ ਦੇ ਖਾਤੇ ਵਿੱਚ ਟਰਾਂਸਫਰ ਕੀਤੇ ਜਾਣਗੇ।