ਸ਼੍ਰੀਨਗਰ – ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਪੰਪੋਰ ਵਿੱਚ ਸੁਰੱਖਿਆ ਦਸਤਿਆਂ ਦੀ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਵਿੱਚ ਇਕ ਅੱਤਵਾਦੀ ਮਾਰਿਆ ਗਿਆ ਹੈ ਅਤੇ ਇਕ ਹੋਰ ਅੱਤਵਾਦੀ ਨੇ ਆਤਮ ਸਮਰਪਣ ਕਰ ਦਿੱਤਾ| ਇਸ ਮੁਕਾਬਲੇ ਵਿੱਚ ਇਕ ਨਾਗਰਿਕ ਦੀ ਵੀ ਮੌਤ ਹੋ ਗਈ ਹੈ| ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਖੁਫੀਆ ਜਾਣਕਾਰੀ ਮਿਲਣ ਤੇ ਵੀਰਵਾਰ ਸ਼ਾਮ ਪੁਲਵਾਮਾ ਜ਼ਿਲ੍ਹੇ ਦੇ ਮੀਗ ਲਾਲਪੋਰਾ ਪੰਪੋਰ ਵਿੱਚ ਰਾਸ਼ਟਰੀ ਰਾਈਫਲ (ਆਰ.ਆਰ.), ਕੇਂਦਰੀ ਰਿਜ਼ਰਵ ਪੁਲੀਸ ਫੋਰਸ (ਸੀ.ਆਰ.ਪੀ.ਐਫ.) ਅਤੇ ਜੰਮੂ-ਕਸ਼ਮੀਰ ਪੁਲੀਸ ਦੇ ਵਿਸ਼ੇਸ਼ ਮੁਹਿੰਮ ਸਮੂਹ (ਐਸ.ਓ.ਜੀ.) ਨੇ ਇਕ ਸਾਂਝੀ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ| ਰਾਤ ਦੇ ਹਨ੍ਹੇਰੇ ਕਾਰਨ ਵੀਰਵਾਰ ਨੂੰ ਮੁਹਿੰਮ ਰੋਕ ਦਿੱਤੀ ਗਈ, ਜਿਸ ਨੂੰ ਅੱਜ ਸਵੇਰੇ ਸੁਰੱਖਿਆ ਦਸਤਿਆਂ ਨੇ ਮੁੜ ਸ਼ੁਰੂ ਕੀਤਾ|ਸੁਰੱਖਿਆ ਦਸਤਿਆਂ ਦੇ ਜਵਾਨ ਜਦੋਂ ਇਕ ਨਿਸ਼ਚਿਤ ਸਥਾਨ ਵੱਲ ਵੱਧ ਰਹੇ ਸਨ ਤਾਂ ਉੱਥੇ ਪਹਿਲਾਂ ਤੋਂ ਲੁਕੇ ਹੋਏ ਅੱਤਵਾਦੀਆਂ ਨੇ ਉਨ੍ਹਾਂ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ| ਸੁਰੱਖਿਆ ਦਸਤਿਆਂ ਨੇ ਵੀ ਜਵਾਬੀ ਕਾਰਵਾਈ ਕੀਤੀ| ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ, ਜਿਸ ਵਿੱਚ ਇਕ ਅਣਪਛਾਤੇ ਅੱਤਵਾਦੀ ਮਾਰਿਆ ਗਿਆ| ਇਸ ਮੁਕਾਬਲੇ ਵਿੱਚ 2 ਨਾਗਰਿਕ ਵੀ ਜ਼ਖਮੀ ਹੋਏ, ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ| ਜ਼ਖਮੀਆਂ ਵਿੱਚੋਂ ਇਕ ਨਾਗਰਿਕ ਦੀ ਇਲਾਜ ਦੌਰਾਨ ਹਸਪਤਾਲ ਵਿੱਚ ਮੌਤ ਹੋ ਗਈ| ਮ੍ਰਿਤਕ ਦੀ ਪਛਾਣ 22 ਸਾਲਾ ਆਦਿਬ ਨਬੀ ਦੇ ਰੂਪ ਵਿੱਚ ਕੀਤੀ ਗਈ ਹੈ|