ਫਾਜ਼ਿਲਕਾ, ਅਗਸਤ-ਡਿਪਟੀ ਕਮਿਸ਼ਨਰ ਸ ਅਰਵਿੰਦ ਪਾਲ ਸਿੰਘ ਸੰਧੂ ਵੱਲੋਂ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਜ਼ਿਲੇ ਵਿੱਚ ਅਗਲੇ ਆਦੇਸ਼ਾਂ ਤੱਕ ਵਾਧੂ ਪਾਬੰਦੀਆਂ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ । ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾ ਤਹਿਤ ਸ਼ਹਿਰੀ ਖੇਤਰਾਂ ਵਿੱਚ ਕੋਵਿਡ-19 ਸਬੰਧੀ ਮਾਮਲਿਆਂ ਵਿੱਚ ਅਚਾਨਕ ਵਾਧਾ ਹੋਣ ਕਰਕੇ ਕੁਝ ਗਤੀਵਿਧੀਆਂ ਤੇ ਵਾਧੂ ਪਾਬੰਦੀਆਂ ਲਾਉਣਾ ਜ਼ਰੂਰੀ ਸਮਝਿਆ ਗਿਆ ਹੈ। ਇਸ ਅਨੁਸਾਰ 18 ਅਗਸਤ ਤੋਂ ਅਗਲੇ ਆਦੇਸ਼ਾਂ ਤੱਕ ਜ਼ਿਲੇ ਦੇ ਸਾਰੇ ਸ਼ਹਿਰਾਂ ਦੀ ਮਿਉਂਸੀਪਲ ਹੱਦਾਂ ਦੇ ਅੰਦਰ ਵਾਧੂ ਪਾਬੰਦੀਆਂ ਲਗਾਈਆਂ ਰਹਿਣਗੀਆਂ।
ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਸਾਰੀਆਂ ਗੈਰ-ਜ਼ਰੂਰੀ ਗਤੀਵਿਧੀਆਂ ਲਈ ਵਿਅਕਤੀਆਂ ਦੀ ਆਵਾਜਾਈ ’ਤੇ ਜ਼ਿਲੇ ਦੇ ਸਾਰੇ ਸ਼ਹਿਰਾਂ ਦੀ ਮਿਉਂਸੀਪਲ ਹਦੂਦ ਦੇ ਅੰਦਰ ਰਾਤ 9.00 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਾਗੂ ਰਹੇਗਾ। ਹਾਲਾਂਕਿ ਮਲਟੀਪਲ ਸਿਫਟਾਂ ਦੇ ਸੰਚਾਲਨ, ਰਾਸ਼ਟਰੀ ਅਤੇ ਰਾਜ ਮਾਰਗਾਂ ’ਤੇ ਵਿਅਕਤੀਆਂ ਅਤੇ ਜਰੂਰੀ ਚੀਜ਼ਾਂ ਦੀ ਆਵਾਜਾਈ ਅਤੇ ਸਮਾਨ ਨੰੂ ਉਤਾਰਨ ਅਤੇ ਬੱਸਾਂ, ਰੇਲ ਗੱਡੀਆਂ ਅਤੇ ਹਵਾਈ ਜਹਾਜ਼ਾਂ ਤੋਂ ਬਾਅਦ ਵਿਅਕਤੀਆਂ ਨੰੂ ਉਨਾਂ ਦੇ ਸਥਾਨਾਂ ’ਤੇ ਜਾਣ ਸਮੇਤ ਲਿਆਉਣ-ਲਿਜਾਣ ਦੀ ਆਗਿਆ ਹੋਵੇਗੀ। ਇਸੇ ਤਰਾਂ 2-3 ਸਿਫਟਾਂ ਵਿੱਚ ਚੱਲ ਰਹੇ ਉਦਯੋਗ ਵੀ ਖੁੱਲੇ ਰਹਿਣਗੇ।
ਹੁਕਮਾਂ ਵਿੱਚ ਉਨਾਂ ਅੱਗੇ ਇਹ ਵੀ ਦੱਸਿਆ ਕਿ ਰੈਸਟੋਰੈਂਟ, ਹੋਟਲ ਅਤੇ ਹੋਰ ਪਰਾਹੁਣਚਾਰੀ ਦੀਆਂ ਇਕਾਈਆਂ ਰਾਤ 8.30 ਵਜੇ ਤੱਕ ਖੁੱਲੀਆਂ ਰਹਿਣਗੀਆਂ। ਇਸ ਤੋਂ ਇਲਾਵਾ ਦੁਕਾਨਾਂ ਅਤੇ ਸ਼ਾਪਿੰਗ ਮਾਲ ਸ਼ਾਮ 8 ਵਜੇ ਤੱਕ ਖੁੱਲੇ ਰਹਿਣਗੇ। ਸ਼ਾਪਿੰਗ ਮਾਲਾਂ ਵਿੱਚ ਸਥਿਤ ਰੈਸਟੋਰੈਂਟ/ਹੋਟਲ ਅਤੇ ਸ਼ਰਾਬ ਦੇ ਠੇਕੇ ਰਾਤ 8.30 ਵਜੇ ਤੱਕ ਖੁੱਲੇ ਰਹਿਣਗੇ।