ਚੰਡੀਗੜ੍ਹ 28 ਮਈ 2020:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਕੈਬਨਿਟ ਵੱਲੋਂ ਪੰਜਾਬ ਵਿਚ ਕਿਸਾਨਾਂ ਦੀਆਂ ਬੰਬੀਆਂ ਉੱਤੇ ਬਿੱਲ ਲਾਉਣ ਦੇ ਫੈਸਲੇ ਨੂੰ” ਚਿੱਟੇ ਦਿਨ ਦਾ ਸਿਆਹ ਪਾਗਲਪਣ” ਕਰਾਰ ਦਿੰਦਿਆਂ ਕਿਹਾ ਹੈ ਕਿ ਸਹੀ ਮਾਨਸਿਕ ਸਥਿਤੀ ਵਾਲੇ ਕਿਸੇ ਵੀ ਵਿਅਕਤੀ ਨੂੰ ਇਹ ਗੱਲ ਕਦੇ ਸਮਝ ਨਹੀਂ ਆਏਗੀ ਕਿ ਕਾਂਗਰਸ ਸਰਕਾਰ ਉਸ ਵਕਤ ਕਿਸਾਨਾਂ ਤੇ ਬੋਝ ਪਾਉਣ ਬਾਰੇ ਸੋਚ ਵੀ ਕਿਵੇਂ ਸਕਦੀ ਹੈ ਜਦੋਂ ਕੁਦਰਤੀ ਆਫ਼ਤਾਂ, ਸਰਕਾਰੀ ਲਾਪ੍ਰਵਾਹੀ ਅਤੇ ਆਰਥਿਕਤਾ ਦੇ ਉਤਾਰ ਚੜ੍ਹਾਓ ਨੇ ਕਿਸਾਨੀ ਦੀ ਕਮਰ ਪਹਿਲੋਂ ਹੀ ਤੋੜ ਛੱਡੀ ਹੈ।
ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦਾ ਇਹ ਫੈਸਲਾ ਕਿਸਾਨਾਂ ਲਈ ਮੁਫਤ ਬਿਜਲੀ ਦੀ ਸਹੂਲਤ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਚੁੱਕਿਆ ਪਹਿਲਾ ਕਦਮ ਹੈ, ਜੋ ਕਿ ਉਹਨਾਂ ਨੂੰ ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਅਕਾਲੀ-ਭਾਜਪਾ ਸਰਕਾਰ ਵੱਲੋਂ 1997 ਵਿਚ ਦਿੱਤੀ ਗਈ ਸੀ। ਉਹਨਾਂ ਕਿਹਾ ਕਿ ਇਹ ਫੈਸਲਾ ਕਿਸਾਨਾਂ ਨੂੰ ਦਿਨ ਦਿਹਾੜੇ ਚੌਰਾਹੇ ਵਿਚ ਫਾਹੇ ਲਾਉਣ ਦੇ ਬਰਾਬਰ ਹੈ। ਉਹਨਾਂ ਕਿਹਾ ਕਿ ਇਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਵਨ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕੀਤੇ ਵਾਅਦਿਆਂ ਉੱਤੇ ਪੰਜਾਬੀਆਂ ਨਾਲ ਕੀਤਾ ਗਿਆ ਇੱਕ ਹੋਰ ਵਿਸ਼ਵਾਸ਼ਘਾਤ ਹੈ।
ਅਖੌਤੀ ਸਿੱਧੀ ਲਾਭ ਤਬਾਦਲਾ ਨੀਤੀ (ਡੀਬੀਟੀ) ਦਾ ਹਵਾਲਾ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇਸ ਨੀਤੀ ਦਾ ਅਸਲੀ ਅਰਥ ਇਹ ਹੈ ਕਿ ਹੁਣ ਕਿਸਾਨਾਂ ਦੀਆਂ ਬੰਬੀਆਂ ਉੱਤੇ ਬਿਜਲੀ ਦੇ ਮੀਟਰ ਲਗਾਏ ਜਾਣਗੇ ਅਤੇ ਉਹਨਾਂ ਨੂੰਂ ਬਿਲ ਭਰਨ ਲਈ ਮਜ਼ਬੂਰ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਜਿੱਥੋਂ ਤਕ ਬਾਅਦ ਵਿਚ ਇਹਨਾਂ ਬਿਲਾਂ ਦੀ ਰਕਮ ਦੀ ਵਾਪਸੀ ਦਾ ਸੰਬੰਧ ਹੈ, ਇਸ ਸਰਕਾਰ ਦਾ ਰਿਕਾਰਡ ਅਸੀਂ ਸਾਰੇ ਜਾਣਦੇ ਹਾਂ, ਜਿਹੜੀ ਕਿ ਆਪਣੇ ਕਰਮਚਾਰੀਆਂ ਨੂੰ ਮੈਡੀਕਲ ਅਤੇ ਦੂਜੇ ਭੱਤਿਆਂ ਦੀ ਅਦਾਇਗੀ ਕਰਨ ਵਿਚ ਵੀ ਨਾਕਾਮ ਰਹੀ ਹੈ ਅਤੇ ਜਿਸ ਲਈ ਸਰਕਾਰੀ ਕਰਮਚਾਰੀਆਂ ਨੂੰ ਤਨਖਾਹਾਂ ਤਕ ਦੇਣੀਆਂ ਮੁਸ਼ਕਿਲ ਹੋ ਰਹੀਆਂ ਹਨ। ਅਜਿਹੀ ਸਰਕਾਰ ਉੱਤੇ ਕੌਣ ਭਰੋਸਾ ਕਰ ਸਕਦਾ ਹੈ ਕਿ ਇਹ ਡੀਬੀਟੀ ਰਾਹੀਂ ਕਿਸਾਨਾਂ ਨੂੰ ਬਿਲਾਂ ਦੇ ਪੈਸੇ ਵਾਪਸ ਕਰੇਗੀ?
ਸਰਦਾਰ ਬਾਦਲ ਨੇ ਕਿਹਾ ਕਿ ਜੇ ਕਾਂਗਰਸ ਸਰਕਾਰ ਨੇ ਕੈਬਨਿਟ ਦੇ ਇਸ ਫੈਸਲੇ ਨੂੰ ਅਮਲੀ ਰੂਪ ਦੇਣ ਦੀ ਕੋਸ਼ਿਸ਼ ਕੀਤੀ ਤਾਂ ਸ਼੍ਰੋਮਣੀ ਅਕਾਲੀ ਦਲ ਇਸ ਕਹਿਰ ਨੂੰ ਮੂਕ ਦਰਸ਼ਕ ਬਣ ਕੇ ਦੇਖਦਾ ਨਹੀਂ ਰਹੇਗਾ ਅਤੇ ਹਰ ਹਾਲਤ ਵਿਚ ਕਿਸਾਨੀ ਦੇ ਮੋਢੇ ਨਾਲ ਮੋਢਾ ਜੋੜ ਕੇ ਇਸ ਸਰਕਾਰੀ ਤਸ਼ੱਦਦ ਵਿਰੁੱਧ ਲੜੇਗਾ।
ਇਸ ਮੁੱਦੇ ਉੱਤੇ ਪਾਰਟੀ ਦੇ ਰਣਨੀਤੀ ਦੀ ਰੂਪ ਰੇਖਾ ਤਹਿ ਕਰਨ ਲਈ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਫੈਸਲਿਆਂ ਬਾਰੇ ਸਰਵਉੱਚ ਕੋਰ ਕਮੇਟੀ ਦੀ ਇੱਕ ਹੰਗਾਮੀ ਮੀਟਿੰਗ ਤੁਰੰਤ ਸੱਦ ਲਈ ਹੈ।ਇਹ ਮੀਟਿੰਗ 30 ਮਈ ਨੂੰ ਚੰਡ੍ਹੀਗੜ੍ਹ ਵਿਖੇ ਹੋਏਗੀ।
ਸਰਦਾਰ ਬਾਦਲ ਨੇ ਕਿਹਾ ਕਿ ਯਕੀਨ ਨਹੀਂ ਆਉਂਦਾ ਕਿ ਕੋਰੋਨਾ ਮਹਾਂਮਾਰੀ ਕਰਕੇ ਆਈ ਆਰਥਿਕ ਮੰਦੀ ਦੀ ਮਾਰ ਝੱਲ ਰਹੇ ਕਿਸਾਨਾਂ ਦੀ ਮੱਦਦ ਕਰਨ ਦੀ ਬਜਾਇ ਪੰਜਾਬ ਵਜ਼ਾਰਤ ਨੇ ਉਲਟਾ ਉਹਨਾਂ ਉੱਤੇ ਇੰਨਾ ਘਾਤਕ ਵਾਰ ਕਰ ਦਿੱਤਾ ਹੈ।
ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਕਾਂਗਰਸੀ ਹਾਕਮਾਂ ਨੇ ਸੂਬੇ ਦੇ ਗਰੀਬ, ਮਾਸੂਮ ਅਤੇ ਸੰਕਟ ਹੰਢਾ ਰਹੇ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ। ਉਹਨਾਂ ਕਿਹਾ ਕਿ ਕਾਂਗਰਸ ਨੇ ਆਪਣੇ ਪਿਛਲੇ 2002-2007 ਦੇ ਕਾਰਜਕਾਲ ਦੌਰਾਨ ਵੀ ਕਿਸਾਨਾਂ ਲਈ ਮੁਫਤ ਬਿਜਲੀ ਦੀ ਸਹੂਲਤ ਖ਼ਤਮ ਕਰ ਦਿੱਤੀ ਸੀ ਅਤੇ ਇਸ ਸਹੂਲਤ ਨੂੰ ਦੁਬਾਰਾ ਬਹਾਲ ਕਰਵਾਉਣ ਲਈ ਅਕਾਲੀ ਦਲ ਅਤੇ ਸੂਬੇ ਦੇ ਕਿਸਾਨਾਂ ਇੱਕ ਅੰਦੋਲਨ ਵਿੱਢਣਾ ਪਿਆ ਸੀ। ਉਹਨਾਂ ਕਿਹਾ ਕਿ ਪਰ ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਕਿਸਾਨ ਪੱਖੀ ਸੋਚ ਸਦਕਾ ਸਰਕਾਰ ਵੱਲੋਂ ਦਿੱਤੀ ਜਾ ਰਹੀ ਇਸ ਇਕਲੌਤੀ ਸਹੂਲਤ ਨੂੰ ਬੰਦ ਕਰਕੇ ਕਿਸਾਨਾਂ ਨੂੰ ਖਤਮ ਕਰਨ ਦੀਆਂ ਆਪਣੀਆਂ ਸਾਜ਼ਿਸ਼ਾਂ ਕਾਂਗਰਸੀਆਂ ਨੇ ਕਦੇ ਬੰਦ ਨਹੀਂ ਕੀਤੀਆਂ।
ਸਰਦਾਰ ਬਾਦਲ ਨੇ ਕਿਹਾ ਕਿ ਸਾਰੇ ਜਾਣਦੇ ਹਨ ਕਿ ਕਾਂਗਰਸ ਪਾਰਟੀ ਅੰਦਰ ਕੁੱਝ ਅਜਿਹੇ ਲੋਕ ਹਨ, ਜਿਹਨਾਂ ਨੇ ਹਮੇਸ਼ਾਂ ਕਿਸਾਨਾਂ ਨੂੰ ਮੁਫਤ ਬਿਜਲੀ ਦੇਣ ਦਾ ਵਿਰੋਧ ਕੀਤਾ ਹੈ। ਉਹਨਾਂ ਕਿਹਾ ਕਿ ਪਰ ਅਕਾਲੀ ਦਲ ਸਾਡੇ ਕਿਸਾਨਾਂ ਨਾਲ ਹਮੇਸ਼ਾਂ ਚੱਟਾਨ ਵਾਂਗ ਖੜ੍ਹਦਾ ਰਿਹਾ ਹੈ। ਹੁਣ ਵੀ ਅਸੀਂ ਇਹੀ ਕਰਾਂਗੇ। ਅਸੀਂ ਸਰਕਾਰ ਨੂੰ ਚਿਤਾਵਨੀ ਦਿੰਦੇ ਹਾਂ ਕਿ ਉਹ ਆਪਣਾ ਫੈਸਲਾ ਬਦਲ ਲਵੇ ਜਾਂ ਫਿਰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨ ਲਈ ਤਿਆਰ ਰਹੇ।