ਕੋਲਕਾਤਾ – ਸਾਬਕਾ ਭਾਰਤੀ ਕਪਤਾਨ ਅਤੇ ਭਾਰਤੀ ਕਿ੍ਰਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਪ੍ਰਧਾਨ ਸੌਰਵ ਗਾਂਗੁਲੀ ਨੂੰ ਅੱਜ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਗਾਂਗੁਲੀ ਨੂੰ ਪਿਛਲੇ ਸ਼ਨੀਵਾਰ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਵੁਡਲੈਂਡਸ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਐਂਜਿਓਪਲਾਸਟੀ ਕੀਤੀ ਗਈ ਸੀ।48 ਸਾਲਾ ਗਾਂਗੁਲੀ ਨੇ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਉਹ ਜਲਦ ਹੀ ਵਾਪਸੀ ਕਰਣਗੇ। ਗਾਂਗੁਲੀ ਨੇ ਡਾਕਟਰਾਂ ਅਤੇ ਹਪਸਤਾਲ ਕਰਮਚਾਰੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ, ‘ਅਸੀਂ ਆਪਣੀ ਜਾਨ ਬਚਾਉਣ ਲਈ ਹਸਪਤਾਲ ਆਉਂਦੇ ਹਾਂ। ਇਹ ਸੱਚ ਸਾਬਿਤ ਹੋਇਆ। ਮੈਂ ਵੁਡਲੈਂਡਸ ਹਸਪਤਾਲ ਅਤੇ ਦੇਖ਼ਭਾਲ ਲਈ ਸਾਰੇ ਡਾਕਟਰਾਂ ਦਾ ਧੰਨਵਾਦ ਕਰਦਾ ਹਾਂ। ਮੈਂ ਬਿਲਕੁੱਲ ਠੀਕ ਹਾਂ ਅਤੇ ਉਮੀਦ ਹੈ ਕਿ ਜਲਦ ਹੀ ਵਾਪਸੀ ਕਰਾਂਗਾ।’ਉਨ੍ਹਾਂ ਦੀ ਪਤਨੀ ਡੋਨਾ ਗਾਂਗੁਲੀ ਵੀ ਮੌਜੂਦ ਸਨ ਅਤੇ ਦੋਵੇਂ ਹੀ ਕਾਰ ਵਿਚ ਅਲੀਪੁਰ ਤੋਂ ਦੱਖਣੀ ਕੋਲਕਾਤਾ ਸਥਿਤ ਬੇਹਾਲਾ ਵਿਚ ਆਪਣੇ ਨਿਵਾਸ ਲਈ ਰਵਾਨਾ ਹੋਏ। ਵੁਡਲੈਂਡਸ ਹਸਪਤਾਲ ਦੇ ਮੁੱਖ ਕਾਰਜਕਾਰੀ ਅਧਿਕਾਰ ਰੂਪਾਲੀ ਬਾਸੁ ਨੇ ਕਿਹਾ ਕਿ ਗਾਂਗੁਲੀ ਨੂੰ ਬੁੱਧਵਾਰ ਨੂੰ ਹੀ ਹਸਪਤਾਲ ਤੋਂ ਛੁੱਟੀ ਮਿਲਣੀ ਸੀ ਪਰ ਉਨ੍ਹਾਂ ਨੇ ਇਕ ਦਿਨ ਹੋਰ ਹਸਪਤਾਲ ਰਹਿਣ ਦਾ ਫ਼ੈਸਲਾ ਕੀਤਾ ਸੀ।