ਕਾਦੀਆਂ, 8 ਅਗਸਤ 2020 – ਅੱਜ ਬੇਰੋਜ਼ਗਾਰ ਵੈਟਰਨਰੀ ਡਿਪਲੋਮਾ ਹੋਲਡਰਾਂ ਵੱਲੋਂ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਮੰਤਰੀ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਦੀ ਕੋਠੀ ਨੇੜੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਧਰਨਾ ਦਿੱਤਾ। ਜਿਵੇਂ ਹੀ ਪ੍ਰਦਰਸ਼ਨ ਕਾਰੀ ਕੈਬਨਿਟ ਮੰਤਰੀ ਦੀ ਕੋਠੀ ਨੇੜੇ ਵੱਲ ਵੱਧਣ ਲਗੇ ਤਾਂ ਪੁਲੀਸ ਨੇ ਬੈਰੀਕੇਡ ਲਗਾਕੇ ਉਨ੍ਹਾਂ ਨੂੰ ਅੱਗੇ ਵੱਧਣ ਤੋਂ ਰੋਕ ਦਿੱਤਾ।
ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਸ਼੍ਰੀ ਗੁਰੁ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ, ਲੁਧਿਆਣਾ ਤੋਂ ਡਿਪਲੋਮਾ ਪਾਸ ਕੀਤਾ ਹੋਇਆ ਹੈ। ਡਿਪਲੋਮਾ ਕਰਨ ਤੋਂ ਬਾਅਦ ਉਹ ਵਿਹਲੇ ਘੁੰਮ ਰਹੇ ਹਨ। ਉਨ੍ਹਾਂ ਵੱਲੋਂ ਕੈਬਨਿਟ ਮੰਤਰੀ ਅਤੇ ਡਾਇਰੈਕਟਰ ਸਾਹਿਬਾਨ ਨੂੰ ਬਹੁਤ ਵਾਰ ਧਿਆਨ ਵਿੱਚ ਲਿਆ ਚੁੱਕੇ ਹਾਂ। ਵਿਭਾਗ ਚ ਵੈਟਨਰੀ ਇੰਸਪੈਕਟਰਾਂ ਦੀਆਂ ਬਹੁਤ ਸਾਰੀਆਂ ਅਸਾਮੀਆਂ ਲਗਾਤਾਰ ਖ਼ਾਲੀ ਹੋ ਰਹੀਆਂ ਹਨ।
ਨੌਕਰੀ ਕਰ ਰਹੇ ਵੈਟਨਰੀ ਇੰਸਪੈਕਟਰ ਜਿਨ੍ਹਾਂ ਨੂੰ 2-2- ਜਾਂ 3-3- ਪਸ਼ੂ ਡਿਸਪੈਂਸਰੀਆਂ ਦੇ ਵਾਧੂ ਚਾਰਜ ਦਿੱਤੇ ਹੋਏ ਹਨ ਜਿਸ ਨਾਲ ਪਸ਼ੂ ਮਾਲਕਾਂ ਨੂੰ ਮਿਲਣ ਵਾਲੀਆਂ ਸਰਕਾਰੀ ਸਿਹਤ ਸੇਵਾਵਾਂ ਤੋਂ ਉਹ ਵਾਂਝੇ ਹੋ ਗਏ ਹਨ। ਜਿਸਦੇ ਸਿੱਟੇ ਵਜੋਂ ਪਸ਼ੂ ਪਾਲਕਾਂ ਨੂੰ ਮਹਿੰਗੀਆਂ ਗ਼ੈਰ ਮਿਆਰੀ ਪ੍ਰਾਈਵੇਟ ਸੇਵਾਵਾਂ ਲੈਣੀਆਂ ਪੈ ਰਹੀਆਂ ਹਨ। ਜਿਸ ਕਾਰਨ ਪਸ਼ੂ ਧਨ ਦੀ ਘਾਟ ਹੋ ਰਹੀ ਹੈ। ਲੋਕਾਂ ਨੇ ਪਸ਼ੂ ਰੱਖਣੇ ਬੰਦ ਕਰ ਦਿੱਤੇ ਜਨ ਅਤੇ ਮਾਰਕੀਟ ਵਿੱਚ ਨਕਲੀ ਦੁੱਧ ਤਿਆਰ ਹੋ ਰਿਹਾ ਹੈ।
ਪਸ਼ੂਆਂ ਨੂੰ ਢੁਕਵੀਂਆਂ ਇਲਾਜ ਸਹੂਲਤਾਂ ਨਾ ਮਿਲਣ ਕਾਰਨ ਪਸ਼ੂ ਮਸਟਾਈਟਸ ਅਤੇ ਬਾਂਝਪਣ ਆਦਿ ਵਰਗੀਆਂ ਬਿਮਾਰੀਆਂ ਨਾਲ ਨਕਾਰਾ ਹੋਕੇ ਸੜਕਾਂ ‘ਤੇ ਰੁਲ ਰਹੇ ਹਨ। ਜਿਸ ਨਾਲ ਸੂਬੇ ਦੀ ਆਰਥਿਕਤਾ ਤੇ ਭਾਰੀ ਵਿੱਤੀ ਬੋਝ ਪੈ ਰਿਹਾ ਹੈ। ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਉਹ ਕੋਵਿਡ ਮਹਾਂਮਾਰੀ ਕਰਕੇ ਘੱਟ ਤੋਂ ਘੱਟ ਤਨਖ਼ਾਹ ਤੇ ਕੰਮ ਕਰਨ ਲਈ ਵੀ ਤਿਆਰ ਹਨ। ਇਸ ਲਈ ਉਨ੍ਹਾਂ ਨੂੰ ਬਤੌਰ ਵੈਟਨਰੀ ਇੰਸਪੈਕਟਰ ਦੀ ਪੋਸਟ ਉੱਪਰ ਤੈਨਾਤ ਕੀਤਾ ਜਾਵੇ।
ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਕਾਦੀਆਂ ‘ਚ ਮੌਜੂਦ ਨਹੀਂ ਸਨ। ਜਿਸਤੇ ਉਨ੍ਹਾਂ ਦੇ ਬੇਟੇ ਰਵੀਨੰਦਨ ਸਿੰਘ ਬਾਜਵਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਦੇ ਨਿਵਾਸ ਸਥਾਨ ‘ਤੇ ਪ੍ਰਦਰਸ਼ਨਕਾਰੀਆਂ ਦਾ ਇੱਕ ਪੰਜ ਮੈਂਬਰੀ ਵਫ਼ਦ ਪੁੱਜਾ। ਜਿਥੇ ਉਨ੍ਹਾਂ ਨੂੰ ਵਫ਼ਦ ਨੇ ਆਪਣਾ ਮੰਗ ਪੱਤਰ ਦਿੱਤਾ। ਰਵੀਨੰਦਨ ਸਿੰਘ ਬਾਜਵਾ ਨੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਮੰਗ ਸਰਕਾਰ ਤੱਕ ਪਹੁੰਚਾਈ ਜਾਵੇਗੀ। ਅਤੇ ਉਨ੍ਹਾਂ ਦੀ ਮੰਗਾਂ ਚ ਵਿੱਚਾਰ ਕੀਤਾ ਜਾਵੇਗਾ। ਇੱਸ ਮੌਕੇ ਤੇ ਦਿਲਾਵਰ ਸਿੰਘ ਮੀਤ ਪ੍ਰਧਾਨ, ਲਖਵਿੰਦਰ ਸਿੰਘ ਵਿੱਤ ਸਕੱਤਰ, ਹਰਜਾਪ ਸਿੰਘ, ਮਨਦੀਪ ਸਿੰਘ, ਬਲਜਿੰਦਰ ਸਿੰਘ, ਅਮਨ ਕੁਮਾਰ, ਰਮਨਦੀਪ ਸਿੰਘ ਸਮੇਤ ਵੱਡੀ ਤਾਦਾਦ ਚ ਪ੍ਰਦਰਸ਼ਨਕਾਰੀ ਮੋਜੂਦ ਸਨ। ਸਥਾਨਕ ਐਸ ਐਚ ਓ ਪਰਮਿੰਦਰ ਸਿੰਘ ਪੁਲੀਸ ਬਲ ਨਾਲ ਮੌਕੇ ‘ਤੇ ਮੌਜੂਦ ਸਨ।