ਫਿਰੋਜ਼ਪੁਰ, 8 ਅਗਸਤ 2020 – ਨਜਾਇਜ਼ ਸ਼ਰਾਬ ਉਤਪਾਦਨ ਅਤੇ ਤਸਕਰੀ ਕਰਨ ਵਾਲਿਆਂ ਤੇ ਸਿਕੰਜਾ ਕੱਸਦੇ ਹੋਏ ਆਬਕਾਰੀ ਅਤੇ ਪੁਲਿਸ ਵਿਭਾਗ ਨੇ ਮਿਲ ਕੇ ਫਿਰੋਜ਼ਪੁਰ ਜ਼ਿਲ੍ਹੇ ਵਿਚ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ। ਜਨਵਰੀ 2020 ਤੋਂ ਹੁਣ ਤੱਕ ਦੋਵਾਂ ਵਿਭਾਗਾਂ ਵੱਲੋਂ 312 ਐਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ ਇਸ ਘਿਣੋਨੇ ਅਪਰਾਧ ਨਾਲ ਜੁੜੇ 406 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ 42 ਦੇ ਲਗਭਗ ਚਾਲੂ ਸਰਾਬ ਦੀਆਂ ਭੱਠੀਆਂ ਸਮੇਤ ਨਾਜਾਇਜ਼ ਸ਼ਰਾਬ ਬਣਾਉਣ ਵਾਲੇ ਬਰਤਨਾਂ ਸਮੇਤ ਨਸ਼ਟ ਕੀਤਾ ਗਿਆ ਹੈ।
ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਪੁਲਿਸ ਸੁਪਰਡੈਂਟ ਮੁਖਤਿਆਰ ਰਾਏ ਅਤੇ ਆਬਕਾਰੀ ਵਿਭਾਗ ਦੇ ਡਿਪਟੀ ਕਮਿਸ਼ਨਰ ਜੇ ਐਸ ਬਰਾੜ ਨੇ ਦੱਸਿਆ ਕਿ ਦੋਵਾਂ ਵਿਭਾਗਾਂ ਦੀਆਂ ਸਾਂਝੀਆਂ ਕੋਸ਼ਸ਼ਿਾਂ ਸਦਕਾ ਨਾਜਾਇਜ਼ ਸ਼ਰਾਬ ਫੜਨ ਲਈ ਜਨਵਰੀ ਮਹੀਨੇ ਤੋਂ ਲੈ ਕੇ ਹੁਣ ਤੱਕ ਸੈਂਕੜੇ ਛਾਪੇ ਮਾਰੇ ਗਏ ਹਨ, ਜਿਸ ਤਹਿਤ 10,31,013 ਲੀਟਰ ਲਾਹਨ ਅਤੇ 19357 ਲੀਟਰ ਨਾਜਾਇਜ਼ ਸ਼ਰਾਬ ਨੂੰ ਨਸ਼ਟ ਕਰਵਾਇਆ ਜਾ ਚੁੱਕਾ ਹੈ।
ਪੁਲਿਸ ਵਿਭਾਗ ਵੱਲੋਂ ਕੀਤੀ ਗਈ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਐਸਪੀ ਮੁਖਤਿਆਰ ਰਾਏ ਨੇ ਦੱਸਿਆ ਕਿ ਹੁਣ ਤੱਕ 312 ਐਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ 406 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਭਾਗ ਵੱਲੋਂ ਵੱਖ ਵੱਖ ਛਾਪਿਆਂ ਦੌਰਾਨ 1,97,653 ਲੀਟਰ ਲਾਹਨ ਅਤੇ 6383 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਨਸ਼ਟ ਕੀਤੀ ਗਈ ਹੈ। ਇਸ ਤੋਂ ਇਲਾਵਾ ਬਾਹਰਲੇ ਖੇਤਰਾਂ ਤੋਂ ਆ ਰਹੀ 13,567 ਲੀਟਰ ਨਾਜਾਇਜ਼ ਸ਼ਰਾਬ ਨੂੰ ਕਾਬੂ ਕਰਕੇ ਮੁਲਜ਼ਮਾਂ ਖਿਲਾਫ ਗੰਭੀਰ ਕਾਰਵਾਈ ਕੀਤੀ ਗਈ ਹੈ। ਖੁਫੀਆ ਜਾਣਕਾਰੀ ਦੇ ਅਧਾਰ ‘ਤੇ ਕੀਤੀ ਗਈ ਛਾਪੇਮਾਰੀ ਵਿਚ 13 ਤੋਂ ਵੱਧ ਸ਼ਰਾਬ ਬਣਾਉਣ ਵਾਲੀਆਂ ਭੱਠੀਆਂ ਸਮੇਤ ਬਰਤਨਾਂ ਦੇ ਨਸ਼ਟ ਕੀਤੀਆਂ ਗਈਆਂ ਹਨ।
ਇਸੇ ਤਰ੍ਹਾਂ ਆਬਕਾਰੀ ਵਿਭਾਗ ਦੇ ਡਿਪਟੀ ਕਮਿਸ਼ਨਰ ਜੇ ਐਸ ਬਰਾੜ ਨੇ ਦੱਸਿਆ ਕਿ ਪਿਛਲੇ 7 ਮਹੀਨਿਆਂ ਵਿੱਚ ਵਿਭਾਗ ਵੱਲੋਂ 163 ਤੋਂ ਵੱਧ ਛਾਪੇ ਮਾਰੇ ਗਏ ਹਨ, ਜਿਨ੍ਹਾਂ ਵਿੱਚ 8,33,360 ਲੀਟਰ ਲਾਹਨ ਅਤੇ 12,974 ਲੀਟਰ ਨਜਾਇਜ਼ ਸ਼ਰਾਬ ਜ਼ਬਤ ਕੀਤੀ ਗਈ ਹੈ। ਇਸ ਤੋਂ ਇਲਾਵਾ ਨਾਕਾਬੰਦੀ ਅਤੇ ਛਾਪੇਮਾਰੀ ਦੌਰਾਨ 15,386 ਬੋਤਲਾਂ ਦੂਸਰੇ ਰਾਜਾਂ ਤੋਂ ਆਉਣ ਵਾਲੀ ਨਾਜਾਇਜ਼ ਸ਼ਰਾਬ ਦੀ ਖੇਪ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਸ਼ਰਾਬ ਬਣਾਉਣ ਵਾਲੇ 29 ਬਰਤਨਾਂ ਅਤੇ ਚਾਲੂ ਭੱਠੀਆਂ ਨੂੰ ਨਸ਼ਟ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਅਬਕਾਰੀ ਨੇ ਅੱਗੇ ਦੱਸਿਆ ਕਿ ਸਾਰੇ ਮਾਮਲਿਆਂ ਵਿੱਚ ਪੁਲਿਸ ਕਾਰਵਾਈ ਵੀ ਕੀਤੀ ਗਈ ਹੈ, ਜਿਸ ਤਹਿਤ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਹਾਇਕ ਕਮਿਸ਼ਨਰ ਆਬਕਾਰੀ ਫਿਰੋਜ਼ਪੁਰ ਰੇਂਜ ਆਰ ਐਸ ਰੋਮਾਣਾ ਅਤੇ ਈਟੀਓ ਆਬਕਾਰੀ ਕਰਮਬੀਰ ਸਿੰਘ ਮਾਹਲਾ ਦੀ ਅਗਵਾਈ ਵਿੱਚ ਵਿਭਾਗ ਦੀਆਂ ਟੀਮਾਂ ਦਿਨ ਭਰ ਨਾਜਾਇਜ਼ ਸ਼ਰਾਬ ਖਿਲਾਫ ਕਾਰਵਾਈ ਵਿੱਚ ਜੁਟੀਆਂ ਹੋਈਆਂ ਹਨ।
ਦੋਵਾਂ ਅਧਿਕਾਰੀਆਂ ਨੇ ਨਾਜਾਇਜ਼ ਸ਼ਰਾਬ ਦੇ ਘਿਣੋਨੇ ਕਾਰੋਬਾਰ ਨੂੰ ਖਤਮ ਕਰਨ ਲਈ ਆਪਣੀ ਵਚਨਬੱਧਤਾ ਜ਼ਾਹਰ ਕਰਦਿਆਂ ਕਿਹਾ ਕਿ ਇਸ ਖਤਰੇ ਨੂੰ ਸਮਾਜ ਤੋਂ ਬਚਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਜਾਇਜ਼ ਸ਼ਰਾਬ ਦੇ ਕਾਰੋਬਾਰ ਨੂੰ ਖਤਮ ਕਰਨ ਲਈ ਦ੍ਰਿੜ ਸੰਕਲਪ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਨਜਾਇਜ਼ ਸਰਾਬ ਕਾਰਨ ਪਿਛਲੇ ਦਿਨਾਂ ਵਿੱਚ ਹੋਏ ਹਾਦਸੇ ਦੇ ਬਾਅਦ ਹੋਰ ਵੀ ਜ਼ਿਆਦਾ ਚੌਕਸੀ ਵਧਾ ਦਿੱਤੀ ਗਈ ਹੈ ਅਤੇ ਰੋਜ਼ਾਨਾ ਵੱਡੇ ਪੱਧਰ ‘ਤੇ ਛਾਪੇਮਾਰੀ ਅਤੇ ਨਾਕਾਬੰਦੀ ਕਰਕੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।