ਬਠਿੰਡਾ, 8 ਅਗਸਤ 2020 – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਹਫ਼ਤਾਵਾਰੀ ਕੈਪਟਨ ਨੂੰ ਪੁੱਛੋ ਸਵਾਲ ਫ਼ੇਸਬੁੱਕ ਲਾਇਵ ਪ੍ਰੋਗਰਾਮ ਦੌਰਾਨ ਇੱਥੋ ਦੇ ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀ ਮਨਵੀਰ ਸਿੰਘ ਸਿੱਧੂ ਵਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਦੱਸਿਆ ਕਿ ਉਨ੍ਹਾਂ ਵਲੋਂ ਹਾਇਰ ਐਜੂਕੇਸ਼ਨ ਅਥਾਰਟੀ ਦੇ ਅਧਿਕਾਰੀਆਂ ਨੂੰ ਹਦਾਇਤ ਕਰ ਦਿੱਤੀ ਗਈ ਹੈ ਕਿ ਉਹ ਯਕੀਨੀ ਬਣਾਉਣ ਕੇ ਲਾਕਡਾਊਨ ਦੌਰਾਨ ਕਿਸੇ ਵੀ ਪ੍ਰਾਇਵੇਟ ਵਿਦਿਅਕ ਸੰਸਥਾ ਵਲੋਂ ਵਿਦਿਆਰਥੀਆਂ ਕੋਲੋ ਫ਼ੀਸ ਤੇ ਫ਼ੰਡ ਲੈਣ ਲਈ ਮਜ਼ਬੂਰ ਨਾ ਕੀਤਾ ਜਾਵੇ ਤੇ ਨਾ ਹੀ ਵਿਦਿਆਰਥੀਆਂ ਨੂੰ ਕਿਸੇ ਤਰ੍ਹਾਂ ਧਮਕਾਇਆ ਜਾਵੇ।
ਇਸ ਤੋਂ ਪਹਿਲਾਂ ਉਨ੍ਹਾਂ ਇਸ ਲਾਇਵ ਪ੍ਰੋਗਰਾਮ ਦੌਰਾਨ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਪੰਜਾਬ ਵਾਸੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੇ ਆਪ, ਆਪਣੇ ਪਰਿਵਾਰ ਆਂਢ-ਗੁਆਂਢ ਤੇ ਪੰਜਾਬੀਆਂ ਦੀ ਭਲਾਈ ਲਈ ਇਸ ਔਖੀ ਘੜੀ ਵਿਚ ਮਾਸਕ ਪਹਿਨਣਾ ਅਤੇ ਵਾਰ-ਵਾਰ ਹੱਥ ਧੋਣੇ ਯਕੀਨੀ ਬਣਾਉਣ। ਉਨ੍ਹਾਂ ਇਹ ਵੀ ਦੱਸਿਆ ਕਿ 75 ਫੀਸਦੀ ਮਾਸਕ ਪਹਿਨਣ ਨਾਲ ਹੀ ਇਸ ਮਹਾਂਮਾਰੀ ਤੋਂ ਬਚਿਆ ਜਾ ਸਕਦਾ ਹੈ। ਮੁੱਖ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਸ ਬਿਮਾਰੀ ਦੇ ਇਲਾਜ ਲਈ ਭਾਵੇਂ ਅਜੇ ਤੱਕ ਕੋਈ ਵੀ ਦਵਾਈ ਨਹੀਂ ਤਿਆਰ ਹੋਈ ਸਿਰਫ਼ ਪ੍ਰਹੇਜ਼ ਨਾਲ ਹੀ ਇਸ ਵਾਇਰਸ ਤੋਂ ਬੱਚਿਆ ਜਾ ਸਕਦਾ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਬਿਮਾਰੀ ਤੋਂ ਘਬਰਾਉਣ ਦੀ ਲੋੜ ਨਹੀਂ ਹੈ, ਸਗੋਂ ਹਮੇਸ਼ਾ ਚੜਦੀ ਕਲਾਂ ਵਿਚ ਰਿਹਾ ਜਾਵੇ। ਸਿਰਫ਼ ਹੌਂਸਲੇ ਨਾਲ ਅਤੇ ਸਿਹਤ ਵਿਭਾਗ ਵਲੋਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਲੋਕਾਂ ਨੂੰ ਇਹ ਵੀ ਖ਼ਾਸ ਅਪੀਲ ਕੀਤੀ ਕਿ ਉਹ ਮੁੱਢਲੇ ਪੜਾਅ ਤਹਿਤ ਹੀ ਕੋਰੋਨਾ ਦੇ ਲੱਛਣ ਮਹਿਸੂਸ ਕਰਨ ‘ਤੇ ਹਸਪਤਾਲ ਵਿਖੇ ਜਾ ਕੇ ਆਪਣਾ ਜਲਦ ਚੈਕਅਪ ਕਰਵਾਉਣ। ਚੈਕਅਪ ਕਰਵਾਉਣ ਵਿਚ ਕੀਤੀ ਗਈ ਦੇਰੀ ਵੀ ਉਨ੍ਹਾਂ ‘ਤੇ ਉਨ੍ਹਾਂ ਦੇ ਪਰਿਵਾਰ ਤੇ ਪੰਜਾਬ ਲਈ ਖ਼ਤਰਾ ਬਣ ਸਕਦੀ ਹੈ।