ਐਸ.ਏ.ਐਸ. ਨਗਰ, 7 ਅਗਸਤ 2020 – ਮਿਊਂਸੀਪਲ ਕਾਰਪੋਰੇਸ਼ਨ ਚੋਣਾਂ ਨੂੰ ਲੈ ਕੇ ਹਲਕਾ ਮੋਹਾਲੀ ਤੋਂ ਕਾਂਗਰਸੀ ਵਿਧਾਇਕ ਅਤੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਧੱਕੇਸ਼ਾਹੀਆਂ ਦਾ ਦੌਰ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਨ੍ਹਾਂ ਧੱਕੇਸ਼ਾਹੀਆਂ ਨਾਲ ਕਾਰਪੋਰੇਸ਼ਨ ਚੋਣਾਂ ਜਿੱਤਣ ਲਈ ਹੁਣ ਤੋਂ ਵਿਉਂਤਬੰਦੀ ਬਣਾ ਲਈ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਨੇ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਇੱਕ ਪ੍ਰੈੱਸ ਬਿਆਨ ਰਾਹੀਂ ਕੀਤਾ।
ਅਕਾਲੀ ਆਗੂ ਪਰਵਿੰਦਰ ਸਿੰਘ ਸੋਹਾਣਾ ਨੇ ਕੈਬਨਿਟ ਮੰਤਰੀ ਸਿੱਧੂ ਉਤੇ ਹਾਸੋਹੀਣੇ ਲਹਿਜ਼ੇ ਵਿੱਚ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਮੋਹਾਲੀ ਮਿਊਂਸੀਪਲ ਕਾਰਪੋਰੇਸ਼ਨ ਚੋਣਾਂ ਤਾਂ ਹੁਣ ‘ਸਿੱਧੂ ਐਂਡ ਪ੍ਰਾਈਵੇਟ ਲਿਮਟਿਡ ਕੰਪਨੀ’ ਕਰਵਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦਾ ਪੁਖ਼ਤਾ ਸਬੂਤ ਇਹ ਹੈ ਕਿ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸ਼ਹਿਰ ਮੋਹਾਲੀ ਦੀ ਨਵੇਂ ਸਿਰਿਉਂ ਕਰਵਾਈ ਜਾਣ ਵਾਲੀ ਵਾਰਡਬੰਡੀ ਦੇ ਲਈ ਵਾਰਡਬੰਦੀ ਕਮੇਟੀ ਵਿੱਚ ਆਪਣੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਇੱਕ ਹੋਰ ਕਾਂਗਰਸੀ ਕੁਲਜੀਤ ਸਿੰਘ ਬੇਦੀ ਨੂੰ ਵੀ ਮੈਂਬਰ ਵਜੋਂ ਨਾਮਜ਼ਦ ਕਰਵਾ ਲਿਆ ਹੈ।
ਦੱਸਣਯੋਗ ਗੱਲ ਇਹ ਵੀ ਹੈ ਕਿ ਕਾਨੂੰਨ ਮੁਤਾਬਕ ਵੈਸੇ ਤਾਂ ਇਸ ਹਲਕੇ ਤੋਂ ਜਿੱਤਿਆ ਹੋਇਆ ਐਮ.ਐਲ.ਏ. ਤਾਂ ਪਹਿਲਾਂ ਹੀ ਮੈਂਬਰ ਹੁੰਦਾ ਹੈ ਪ੍ਰੰਤੂ ਹੁਣ ਇਸ ਵਾਰਡਬੰਦੀ ਕਮੇਟੀ ਵਿੱਚ ਅਮਰਜੀਤ ਸਿੰਘ ਅਤੇ ਕੁਲਜੀਤ ਸਿੰਘ ਬੇਦੀ ਦੋਵੇਂ ਕਾਂਗਰਸੀਆਂ ਨੂੰ ਸ਼ਾਮਿਲ ਕਰਕੇ ਅਤੇ ਕਿਸੇ ਵੀ ਹੋਰ ਦੂਸਰੀ ਰਾਜਨੀਤਕ ਪਾਰਟੀ ਨੂੰ ਨੁਮਾਇੰਦਗੀ ਨਾ ਦੇ ਕੇ ਸਿੱਧੂ ਨੇ ਲੋਕਤੰਤਰ ਦਾ ਕਤਲ ਕਰ ਦਿੱਤਾ ਹੈ।
ਅਕਾਲੀ ਆਗੂ ਪਰਵਿੰਦਰ ਸਿੰਘ ਸੋਹਾਣਾ, ਸਾਬਕਾ ਕੌਂਸਲਰ ਸੁਰਿੰਦਰ ਸਿੰਘ ਰੋਡਾ, ਹਰਵਿੰਦਰ ਸਿੰਘ ਨੰਬਰਦਾਰ, ਅਵਤਾਰ ਸਿੰਘ ਮੌਲੀ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਸਥਾਲਕ ਸਰਕਾਰਾਂ ਵਿਭਾਗ ਪੰਜਾਬ ਵੱਲੋਂ 31 ਜੁਲਾਈ 2020 ਨੂੰ ਜਾਰੀ ਕੀਤੀ ਗਈ ਇਸ ਵਾਰਡਬੰਦੀ ਸਬੰਧੀ ਨੋਟੀਫਿਕੇਸ਼ਨ ਨੂੰ ਤੁਰੰਤ ਰੱਦ ਕਰਕੇ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸ਼ਾਮਿਲ ਕੀਤਾ ਜਾਵੇ।