ਨੂਰਪੁਰ ਬੇਦੀ, 7 ਅਗਸਤ 2020 – ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਕਮੇਟੀ ਨੇ ਅਧਿਆਪਕਾਂ ਦੀਆਂ ਤਨਖ਼ਾਹਾਂ ਵਿੱਚ ਵਾਧਾ ਕੀਤਾ ਸੀ ਪਰੰਤੂ ਕੁਝ ਸਮਾ ਪਹਿਲਾਂ ਕਮੇਟੀ ਨੇ ਆਪਣੇ ਫ਼ੈਸਲੇ ਤੋਂ ਪਿੱਛੇ ਹਟਦਿਆਂ ਅਧਿਆਪਕਾਂ ਦੀਆਂ ਤਨਖ਼ਾਹਾਂ ਕੱਟਣੀਆਂ ਸ਼ੁਰੂ ਕਰ ਦਿੱਤੀਆਂ ਹਨ ਜੋ ਕਿ ਬਹੁਤ ਹੀ ਮੰਦਭਾਗਾ ਹੈ।
ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਮੈਂਬਰ ਸੰਤ ਚਰਨਜੀਤ ਸਿੰਘ ਜੱਸੋਵਾਲ ਨੇ ਕੀਤਾ।
ਸੰਤ ਜੱਸੋਵਾਲ ਨੇ ਅੱਗੇ ਕਿਹਾ ਕਿ ਤਨਖ਼ਾਹਾਂ ਵਿੱਚ ਕਟੌਤੀ ਕਰਕੇ ਸ਼੍ਰੋਮਣੀ ਕਮੇਟੀ ਆਪਣੇ ਪੈਰਾਂ ਤੇ ਕੁਹਾੜਾ ਨਾ ਮਾਰੇ ਕਿਉਂਕਿ ਇਸ ਤਰ੍ਹਾਂ ਕਰਨ ਨਾਲ਼ ਸੰਗਤ ਵਿੱਚ ਸ਼੍ਰੋਮਣੀ ਕਮੇਟੀ ਪ੍ਰਤੀ ਨਰਾਜ਼ਗੀ ਵੱਧ ਸਕਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਬਹੁਤ ਵੱਡੀ ਸੰਸਥਾ ਹੈ ਇਸ ਦਾ ਕੱਦ ਵੱਡਾ ਹੋਣ ਦੇ ਨਾਲ਼ ਨਾਲ਼ ਸ਼੍ਰੋਮਣੀ ਕਮੇਟੀ ਉੱਤੇ ਭਾਰੀ ਜ਼ੁੰਮੇਵਾਰੀਆਂ ਹਨ। ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਉੱਤੇ ਸਵਾਲ ਖੜ੍ਹੇ ਕਰਦਿਆਂ ਸੰਤ ਜੱਸੋਵਾਲ ਨੇ ਕਿਹਾ ਕਿ ਜਿਨ੍ਹਾਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦਸ ਹਜ਼ਾਰ ਤੋਂ ਲੈ ਵੀਹ ਹਜ਼ਾਰ ਦੇ ਵਿੱਚ ਹਨ ਉਨ੍ਹਾਂ ਮੁਲਾਜ਼ਮਾਂ ਦੇ ਉੱਤੇ ਸ਼੍ਰੋਮਣੀ ਕਮੇਟੀ ਨੇ ਵਾਧੂ ਬੋਝ ਪਾਉਂਦਿਆਂ ਉਨ੍ਹਾਂ ਦੇ ਰਿਹਾਇਸ਼ੀ ਕਮਰਿਆਂ ਦਾ ਕਿਰਾਇਆ ਸੱਤ ਸੌ ਰੁਪਏ ਤੋਂ ਵਧਾ ਕੇ ਪੈਂਤੀ ਸੌ ਕਰ ਦਿੱਤਾ ਹੈ ਪਰੰਤੂ ਜਿਹੜੇ ਮੁਲਾਜ਼ਮ ਮੋਟੀਆਂ ਤਨਖ਼ਾਹਾਂ ਲੈ ਰਹੇ ਹਨ ਕਮੇਟੀ ਨੇ ਉਨ੍ਹਾਂ ਦੇ ਰਿਹਾਇਸ਼ੀ ਮਕਾਨਾਂ ਦੇ ਕਿਰਾਏ ਵਿੱਚ ਸਿਰਫ਼ ਦੋ ਹਜ਼ਾਰ ਰੁਪਏ ਦਾ ਵਾਧਾ ਕੀਤਾ ਹੈ ਜੋ ਕਿ ਛੋਟੇ ਮੁਲਾਜ਼ਮਾਂ ਨਾਲ਼ ਸਰਾਸਰ ਨਾਇਨਸਾਫ਼ੀ ਹੈ।
ਇਸ ਤੋਂ ਇਲਾਵਾ ਸੰਤ ਚਰਨਜੀਤ ਸਿੰਘ ਜੱਸੋਵਾਲ ਨੇ ਸ਼੍ਰੋਮਣੀ ਕਮੇਟੀ ਅਧੀਨ ਅਖੰਡ ਪਾਠਾਂ ਦੀ ਸੇਵਾ ਨਿਭਾ ਰਹੇ ਪਾਠੀ ਸਿੰਘਾ ਲਈ ਸ਼੍ਰੋਮਣੀ ਕਮੇਟੀ ਵੱਲੋਂ ਬੀਮਾ ਕਰਵਾਏ ਜਾਣ ਦੀ ਮੰਗ ਨੂੰ ਵੀ ਉਠਾਇਆ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਮੁਲਾਜ਼ਮਾਂ ਨਾਲ਼ ਹੋ ਰਹੀ ਨਾ-ਇਨਸਾਫ਼ੀ ਦੇ ਖ਼ਿਲਾਫ਼ ਸੰਘਰਸ਼ ਸ਼ੁਰੂ ਕਰਨ ਜਾ ਰਹੇ ਹਨ। ਇਹ ਸੰਘਰਸ਼ ਉਨ੍ਹਾਂ ਨੇ ਕੋਰੋਨਾ ਵਾਇਰਸ ਕਰਕੇ ਡੀਲੇਅ ਕੀਤਾ ਹੋਇਆ ਹੈ।