ਚੰਡੀਗੜ੍ਹ, 29 ਜੁਲਾਈ 2020 – ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇੰਸਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਹਮੇਸ਼ਾ ਡੇਰੇ ਦੇ ਮੁਖੀ ਬਣੇ ਅਤੇ ਸੇਵਾ ਕਰਦੇ ਰਹਿਣਗੇ। ਆਪਣੀ ਮਾਤਾ ਤੇ ਪੈਰੋਕਾਰਾਂ ਤੋਂ ਇਲਾਵਾ ਡੇਰਾ ਪ੍ਰਬੰਧਕਾਂ ਨੂੰ ਲਿਖੀ ਚਿੱਠੀ ’ਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ। ਇਸ ਨਾਲ ਡੇਰਾ ਸਿਰਸਾ ਦੇ ਮੁਖੀ ਸਬੰਧੀ ਚੱਲ ਰਹੀਆਂ ਅਟਕਲਾਂ ਨੂੰ ਵਿਰਾਮ ਲੱਗ ਗਿਆ ਹੈ। ਡੇਰੇ ਦੇ ਅਖਬਾਰ ’ਚ ਵੀ ਅੱਜ ਇਹ ਚਿੱਠੀ ਛਾਪੀ ਗਈ ਹੈ। ਚਿੱਠੀ ’ਚ ਡੇਰੇ ਅੰਦਰਲੀ ਗੁੱਟਬਾਜੀ ਨੂੰ ਵੀ ਖਾਰਜ ਕਰਦਿਆਂ ਕਿਹਾ ਕਿ ਐਡਮ ਬਲਾਕ ਸਮੇਤ ਕਰੋੜਾਂ ਬੱਚੇ ਇੱਕ ਜੁਟ ਹਨ। ਡੇਰਾ ਮੁਖੀ ਨੇ ਆਪਣੇ ਪੈਰੋਕਾਰਾਂ ਨੂੰ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਅਤੇ ਘਰਾਂ ’ਚ ਹੀ ਰਹਿਣ ਲਈ ਆਖਿਆ ਹੈ। ਡੇਰੇ ਦੇ ਸ਼ਰਧਾਲੂਆਂ ਨੂੰ ਖ਼ੂਨਦਾਨ ਅਤੇ ਸਮਾਜ ਭਲਾਈ ਦੇ ਕੰਮ ਕਰਨ ਦੀ ਗੱਲ ਵੀ ਜੋਰ ਦੇ ਕੇ ਆਖੀ ਗਈ ਹੈ। ਦੱਸਣਯੋਗ ਹੈ ਕਿ ਡੇਰਾ ਸਰਸਾ ਮੁਖੀ ਰੋਹਤਕ ਦੀ ਸੁਨਾਰੀਆ ਜੇਲ ’ਚ ਸਾਧਵੀ ਬਲਾਤਕਾਰ ਤੇ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਦੇ ਮਾਮਲੇ ਸਜ਼ਾ ਭੁਗਤ ਰਿਹਾ ਹੈ। ਜਿੱਥੋਂ ਇਹ ਚਿੱਠੀ ਲਿਖੀ ਹੈ।