ਨਵੀਂ ਦਿੱਲੀ – ਮੀਰਾਬਾਈ ਚਾਨੂ ਨੇ ਟੋਕੀਓ ਓਲੰਪਿਕ ਖੇਡਾਂ ਦੇ ਵੇਟਲਿਫਟਿੰਗ ਮੁਕਾਬਲੇ ਵਿੱਚ ਚਾਂਦੀ ਦਾ ਤਮਗਾ ਹਾਸਿਲ ਕਰਕੇ ਭਾਰਤ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ ਅਤੇ ਵੇਟ ਲਿਫਟਿੰਗ ਵਿੱਚ ਭਾਰਤ ਨੂੰ 21 ਸਾਲ ਦੀ ਲੰਬੀ ਉਡੀਕ ਤੋਂ ਬਾਅਦ ਤਮਗਾ ਦਿਵਾਇਆ ਹੈ। ਮੀਰਾਬਾਈ ਚਾਨੂ ਨੇ 49 ਕਿਲੋਗ੍ਰਾਮ ਵਰਗ ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤ ਕੇ ਟੋਕੀਓ ਓਲੰਪਿਕ ਵਿੱਚ ਦੇਸ਼ ਦਾ ਖਾਤਾ ਖੋਲ੍ਹ ਦਿੱਤਾ ਹੈ।ਚਾਨੂ ਨੇ ਕਲੀਨ ਐਂਡ ਜਰਕ ਵਿੱਚ 115 ਕਿਲੋਗ੍ਰਾਮ ਅਤੇ ਸਨੈਚ ਵਿੱਚ 87 ਕਿਲੋਗ੍ਰਾਮ (ਕੁੱਲ 202 ਕਿਲੋਗ੍ਰਾਮ) ਭਾਰ ਚੁੱਕ ਕੇ ਸਿਲਵਰ ਮੈਡਲ ਆਪਣੇ ਨਾਮ ਕੀਤਾ। ਇਸ ਤੋਂ ਪਹਿਲਾਂ ਕਰਨਮ ਮਲੇਸ਼ਵਰੀ ਨੇ ਸਿਡਨੀ ਓਲੰਪਿਕ 2000 ਵਿੱਚ ਦੇਸ਼ ਨੂੰ ਵੇਟਲਿਫਟਿੰਗ ਵਿੱਚ ਸਿਲਵਰ ਮੈਡਲ ਦਿਵਾਇਆ ਸੀ। ਮੀਰਾਬਾਈ ਚਾਨੂ ਪਹਿਲੀ ਭਾਰਤੀ ਵੇਟਲਿਫਟਰ ਹੈ ਜਿਨ੍ਹਾਂ ਨੇ ਓਲੰਪਿਕ ਵਿੱਚ ਸਿਲਵਰ ਮੈਡਲ ਜਿੱਤ ਕੇ ਭਾਰਤ ਦਾ ਮਾਣ ਵਧਾਇਆ ਹੈ।ਇਸ ਮੁਕਾਬਲੇ ਵਿੱਚ ਚੀਨ ਦੇ ਹੂ ਝੀਓਈ ਨੇ ਕੁੱਲ 210 ਕਿਲੋਗ੍ਰਾਮ (ਸਨੈਚ ਵਿਚ 94 ਕਿੱਲੋ, ਕਲੀਨ ਐਂਡ ਜਾਰਕ ਵਿਚ 116 ਕਿਲੋਗ੍ਰਾਮ) ਦੇ ਨਾਲ ਸੋਨ ਤਗਮਾ ਜਿੱਤਿਆ ਹੈ। ਇੰਡੋਨੇਸ਼ੀਆ ਦੀ ਏਸਾਹ ਵਿੰਡੀ ਕਾਂਤੀਕਾ ਨੇ ਕੁੱਲ 194 ਕਿੱਲੋ ਭਾਰ ਚੁੱਕ ਕੇ ਕਾਂਸੀ ਦਾ ਤਗਮਾ ਜਿੱਤਿਆ।