ਸੂਰਤ, 29 ਜੁਲਾਈ 2020 – ਗੁਜਰਾਤ ਤੋਂ ਦੋ ਵਿਦਿਆਰਥਣਾਂ ਵਦੇਹੀ ਵੇਕਾਰਿਆ ਸੰਜੈਭਾਈ ਅਤੇ ਰਾਧਿਕਾ ਲਖਾਨੀ ਪਰਾਫੁਲਭਾਈ ਨੇ ਇੱਕ ਨਵਾਂ ਐਸਟਰੋਇਡ ਲੱਭ ਕੇ ਇਤਿਹਾਸ ਰਚਿਆ ਹੈ। ਨਾਸਾ (NASA) ਨੇ ਦੋ ਤਿੰਨ ਹਫਤੇ ਉਹਨਾਂ ਦੀ ਰਿਪੋਰਟ ਦੀ ਛਾਣ ਬੀਣ ਕਰਨ ਤੋਂ ਬਾਅਦ, 23 ਜੁਲਾਈ ਨੂੰ ਉਸਦੀ ਪੁਸ਼ਟੀ ਕਰ ਦਿੱਤੀ ਤੇ ਨਵੇਂ ਐਸਟਰੋਇਡ ਦਾ ਨਾਂਅ ਐਚ ਐਲ ਵੀ 2514 (HLV2514) ਰੱਖਿਆ ਹੈ। ਹਾਲ ਦੀ ਘੜੀ ਇਹ ਐਸਟਰੋਆਇਡ ਮੰਗਲ ਗ੍ਰਹਿ ਦੇ ਨੇੜੇ ਹੈ, ਪਰ ਇਹ ਲੱਭਤ ਇਸ ਕਰਕੇ ਖਬਰ ਦੇ ਕਾਬਲ ਹੈ ਕਿ ਇਹ ਆਪਣੇ ਘੇਰੇ ਨੂੰ ਬਦਲ ਕੇ ਹੌਲੀ ਹੌਲੀ ਧਰਤੀ ਵੱਲ ਆ ਰਿਹਾ ਹੈ।
ਵਿਦਿਆਰਥਣਾਂ ਨੇ ਇਹ ਖੋਜ ਉਦੋਂ ਕੀਤੀ ਜਦੋਂ ਉਹ ਨਾਸਾ ਅਤੇ ਸਪੇਸ ਇੰਡੀਆ ਦੇ ਇੱਕ ਪ੍ਰਾਜੈਕਟ ਤੇ ਕੰਮ ਕਰ ਰਹੀਆਂ ਸਨ। ਇਹ ਪ੍ਰਾਜੈਕਟ ਵਿਦਿਆਰਥੀਆਂ ਦੀ ਸਾਇੰਸ ਅਤੇ ਆਸਟਰੋਨੌਮੀ ਦੀ ਵਿੱਚ ਦਿਲਚਸਪੀ ਅਤੇ ਸ਼ਮੂਲੀਅਤ ਪੈਦਾ ਕਰਨ ਦੇ ਇਰਾਦੇ ਨਾਲ ਸ਼ੁਰੂ ਕੀਤਾ ਗਿਆ ਸੀ ਐਸਟਰੋਇਡ ਛੋਟੇ ਚਟਾਨੀ ਪਦਾਰਥ ਹੁੰਦੇ ਹਨ ਅਤੇ ਗ੍ਰਹਿਆਂ ਵਾਂਗਰ ਸੁਰਜ ਦੁਆਲੇ ਘੁੰਮਦੇ ਹਨ। ਇਹ ਗ੍ਰਹਿਆਂ ਤੋਂ ਭਿੰਨ ਇਸ ਤਰ੍ਹਾਂ ਹੁੰਦੇ ਹਨ ਕਿ ਇਹਨਾਂ ਦੀ ਸ਼ਕਲ ਅਨਯਿਮਤ ਅਤੇ ਖੁਰਦਰੀ ਹੁੰਦੀ ਹੈ ਅਤੇ ਇਹਨਾ ਦਾ ਆਕਾਰ ਸੰਕੜੇ ਮੀਲਾਂ ਤੋਂ ਲੈਕੇ, ਛੋਟੀਆਂ ਛੋਟੀਆਂ ਰੋੜੀਆਂ ਜਿੰਨਾਂ ਹੋ ਸਕਦਾ ਹੈ।
ਆਪਣਾ ਸੂਰਜ ਮੰਡਲ ਇਹਨਾਂ ਐਸਟਰੋਇਡਾਂ ਨਾਲ ਭਰਪੂਰ ਹੈ। ਭਾਂਵੇਂ ਇਹ ਵਡੇਰੀ ਮਾਤਰਾ ਵਿੱਚ ਮੰਗਲ ਅਤੇ ਬ੍ਰਹਸਪਤਿ (ਜੁਪੀਟਰ) ਗ੍ਰਹਿਆਂ ਦੇ ਵਿਚਕਾਰਲੀ ਐਸਟਰੋਇਡ ਬੈਲਟ ਵਿੱਚ ਮਿਲਦੇ ਨੇ, ਸੂਰਜ ਮੰਡਲ ਦੇ ਹੋਰ ਸਥਾਂਨਾਂ ਵਿੱਚ ਵੀ ਇਹ ਪਾਏ ਜਾਂਦੇ ਹਨ।
HLV2514 ਇੱਕ ਧਰਤੀ ਨੇੜਲਾ ਪਦਾਰਥ (NEO) ਹੈ। ਨਾਸਾ 18,000 ਤੋਂ ਵੱਧ NEO ਦੀ ਪਛਾਣ ਕਰ ਚੁੱਕੀ ਹੈ। ਸਿਧਾਂਤਕ ਤੌਰ ਤੇ ਇਹ NEO ਆਪਣੇ ਗ੍ਰਹਿ ਨਾਲ ਟਕਰਾ ਸਕਦੇ ਹਨ ਤੇ ਜੇਕਰ ਕੋਈ ਵੱਡੇ ਆਕਾਰ ਦਾ ਅਜਿਹਾ ਪਦਾਰਥ ਧਰਤੀ ਨਾਲ ਟਕਰਾ ਜਾਵੇ ਤਾਂ ਬਹੁਤ ਤਬਾਹੀ ਮਚਾ ਸਕਦਾ ਹੈ ਤੇ ਜਾਨੋ ਮਾਲ ਦਾ ਬਹੁਤ ਨੁਕਸਾਨ ਕਰ ਸਕਦਾ ਹੈ। ਭਾਂਵੇ ਇਸ ਗੱਲ ਦੀ ਸੰਭਾਵਨ ਬਹੁਤ ਘੱਟ ਹੈ ਪਰ ਫੇਰ ਵੀ ਸਾਇੰਸਦਾਨ ਇਹਨਾਂ ਪਦਾਰਥਾ ਤੇ ਲਗਾਤਾਰ ਨਿਗਰਾਨੀ ਰੱਖ ਰਹੇ ਹਨ। ਨਾਸਾ ਇੱਕ ਅਜਿਹਾ ਰਾਕਟ ਬਨਾਉਣ ਦੀ ਸਕੀਮ ਬਣਾ ਰਹੀ ਹੈ ਜਿਹੜਾ ਕਿਸੇ ਅਜਿਹੀ ਭੁੱਲੀ ਭਟਕੀ ਖਤਰਨਾਕ ਵਸਤੂ, ਜੋ ਧਰਤੀ ਦੇ ਨੇੜੇ ਆ ਜਾਵੇ ਨੂੰ ਧਰਤੀ ਤੋਂ ਦੂਰ ਦੂਜੀ ਦਿਸ਼ਾ ਵੱਲ ਧੱਕ ਸਕੇ।