ਐਸ.ਏ.ਐਸ.ਨਗਰ, 27 ਜੁਲਾਈ-ਪੰਜਾਬ ਅਤੇ ਹੋਰਨਾਂ ਸੂਬਿਆਂ ਦੀਆਂ ਪੰਥਕ ਜੱਥੇਬੰਦੀਆਂ ਦੇ ਨੁਮਾਇੰਦਿਆਂ ਵਲੋਂ ਇੱਥੇ ਫੇਜ਼ 8 ਦੇ ਗੁਰਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਇੱਕਠ ਕਰਕੇ ਮੰਗ ਕੀਤੀ ਗਈ ਕਿ ਐਨ.ਆਈ.ਏ. ਦੇ ਕਥਿਤ ਤਸਦਦ ਕਾਰਨ ਬੀਤੀ 13 ਜੁਲਾਈ ਨੂੰ ਲਵਪ੍ਰੀਤ ਸਿੰਘ ਦੀ ਮੌਤ ਦੇ ਮਾਮਲੇ ਅਤੇ ਯੂ.ਏ.ਪੀ.ਏ. ਵਰਗੇ ਜਾਬਰ ਕਾਨੂੰਨ ਤਹਿਤ ਸਿੱਖ ਨੌਜਵਾਨਾਂ ਦੀਆਂ ਕੀਤੀਆਂ ਜਾ ਰਹੀਆਂ ਗ੍ਰਿਫਤਾਰੀਆਂ ਦੀ ਸਿੰਟਿੰਗ ਜੱਜ ਤੋਂ ਜਾਂਚ ਕਰਵਾਈ ਜਾਵੇ| ਬਾਅਦ ਵਿੱਚ ਇਨ੍ਹਾਂ ਆਗੂਆਂ ਨੇ ਚੰਡੀਗੜ੍ਹ ਵੱਲ ਮਾਰਚ ਕੀਤਾ ਜਿੱਥੇ ਇਨ੍ਹਾਂ ਨੂੰ ਵਾਈ.ਪੀ.ਐਸ. ਚੌਂਕ ਤੇ ਰੋਕ ਲਿਆ ਗਿਆ ਅਤੇ ਮੁੱਖ ਮੰਤਰੀ ਦੇ ਓ.ਐਸ.ਡੀ. ਜਗਦੀਪ ਸਿੰਘ ਸਿੱਧੂ ਨੇ ਮੌਕੇ ਤੇ ਪਹੁੰਚ ਕੇ ਪੰਥਕ ਨੁਮਾਇੰਦਿਆਂ ਤੋਂ ਮੁੱਖ ਮੰਤਰੀ ਦੇ ਨਾਮ ਯਾਦ ਪੱਤਰ ਹਸਿਲ ਕੀਤਾ|
ਇਸ ਮੌਕੇ ਸਰਬੱਤ ਖਾਲਸਾ ਵਲੋਂ ਥਾਪੇ ਗਏ ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਅਤੇ ਜੱਥੇਦਾਰ ਅਮਰੀਕ ਸਿੰਘ ਅਜਨਾਲਾ, ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਜਸਕਰਨ ਸਿੰਘ ਕਾਹਨ ਸਿੰਘਵਾਲਾ, ਇਕਬਾਲ ਸਿੰਘ ਟਿਵਾਣਾ, ਪ੍ਰੋਫੈਸਰ ਮਹਿੰਦਰਪਾਲ ਸਿੰਘ, ਦਮਦਮੀ ਟਕਸਾਲ ਤੋਂ ਬਾਬਾ ਅਮਰਜੀਤ ਸਿੰਘ, ਯੂਨਾਇਟਿਡ ਅਕਾਲੀ ਦਲ ਤੋਂ ਗੁਰਦੀਪ ਸਿੰਘ ਬਠਿੰਡਾ ਅਤੇ ਗੁਰਨਾਮ ਸਿੰਘ ਸਿੱਧੂ, ਦਲ ਖਾਲਸਾ ਤੋਂ ਜਸਬੀਰ ਸਿੰਘ ਖੰਡੂਰ, ਬੀ.ਐਮ.ਪੀ. ਤੋਂ ਕੁਲਦੀਪ ਸਿੰਘ, ਐਡਵੋਕੇਟ ਸਿਮਰਨਜੀਤ ਸਿੰਘ, ਗੁਰਸੇਵ ਸਿੰਘ ਹਰਪਾਲਪੁਰ ਅਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਐਨ.ਆਈ.ਏ. ਵਲੋਂ ਬੀਤੀ 13 ਜੁਲਾਈ ਨੂੰ ਸੰਗਰੂਰ ਦੇ ਨੌਜਵਾਨ ਲਵਪ੍ਰੀਤ ਸਿੰਘ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਅਤੇ ਸਰੀਰਕ ਤਸ਼ਦਦ ਕੀਤਾ ਗਿਆ ਸੀ|
ਇਸ ਮੌਕੇ ਲਵਪ੍ਰੀਤ ਸਿੰਘ ਦੇ ਪਿਤਾ ਕੇਵਲ ਸਿੰਘ ਨੇ ਦੱਸਿਆ ਕਿ ਉਨਾਂ ਦਾ ਬੇਟਾ ਕਦੇ ਵੀ ਕਿਸੇ ਗੈਰ-ਕਾਨੂੰਨੀ ਕਾਰਵਾਈ ਵਿੱਚ ਸ਼ਾਮਿਲ ਨਹੀਂ ਹੋਇਆ ਪਰ ਇੱਕ ਵਾਰ ਉਸਨੇ ਸਾਲ 2017 ਵਿੱਚ ਰੈਫਰੇਂਡਮ 2020 ਦੇ ਸੰਬਧ ਵਿੱਚ ਕੁਝ ਵਿਚਾਰ ਸਾਂਝੇ ਕੀਤੇ ਸਨ ਜੋ ਕਿ ਕਾਨੂੰਨੀ ਤੌਰ ਤੇ ਗੁਨਾਹ ਨਹੀਂ ਹੈ| ਉਹਨਾਂ ਕਿਹਾ ਕਿ ਬੀਤੀ 9 ਜੁਲਾਈ ਨੂੰ ਧਰਮਗੜ੍ਹ ਥਾਣੇ ਦੇ ਮੁਲਾਜਮ ਉਨ੍ਹਾਂ ਦੇ ਘਰ ਆਏ ਸੀ ਅਤੇ ਉਨ੍ਹਾਂ ਕਿਹਾ ਸੀ ਕਿ ਲਵਪ੍ਰੀਤ ਐਨ.ਆਈ.ਏ. ਦੀ ਜਾਂਚ ਲਈ ਮੁਹਾਲੀ ਪਹੁੰਚੇ| ਉਹਨਾਂ ਕਿਹਾ ਕਿ ਲਵਪ੍ਰੀਤ 13 ਜੁਲਾਈ ਨੂੰ ਸਵੇਰੇ 9 ਵਜੇ ਮੁਹਾਲੀ ਆਇਆ ਸੀ ਅਤੇ ਸ਼ਾਮ 6:30 ਵਜੇ ਤੱਕ ਐਨ.ਆਈ.ਏ. ਵਲੋਂ ਉਸ ਤੋਂ ਪੁੱਛਗਿਛ ਕੀਤੀ ਗਈ ਅਤੇ ਇਸ ਤੋਂ ਬਾਅਦ ਉਹ ਗੁਰਦੁਆਰਾ ਅੰਬ ਸਾਹਿਬ ਵਿਖੇ ਕਮਰਾ ਨੰ. 43 ਵਿੱਚ ਰੁਕਿਆ ਜਿੱਥੇ ਸਵੇਰੇ ਉਸਦੀ ਪੱਖੇ ਨਾਲ ਲਟਕਦੀ ਲਾਸ਼ ਮਿਲੀ ਸੀ|
ਪੰਥਕ ਆਗੂਆਂ ਨੇ ਮੰਗ ਕੀਤੀ ਕਿ ਲਵਪ੍ਰੀਤ ਸਿੰਘ ਦੀ ਮੌਤ ਦੀ ਜਾਂਚ ਹਾਈਕੋਰਟ ਦੇ ਕਿਸੇ ਸਿੰਟਿੰਗ ਜੱਜ ਤੋਂ ਕਰਵਾਈ ਜਾਵੇ ਅਤੇ ਉਸਦੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ|