ਐਸ.ਏ.ਐਸ.ਨਗਰ, 27 ਜੁਲਾਈ -ਜਿਲ੍ਹਾ ਮੁਹਾਲੀ ਦੀ ਪੁਲੀਸ ਵਲੋਂ ਕਥਿਤ ਤੌਰ ਤੇ ਕਾਂਗਰਸੀਆਂ ਦੀ ਸ਼ਹਿ ਤੇ ਅਕਾਲੀ ਵਰਕਰਾਂ ਦੇ ਖਿਲਾਫ ਦਰਜ ਕੀਤੇ ਜਾ ਰਹੇ ਮਾਮਲਿਆਂ ਦੇ ਵਿਰੋਧ ਵਿੱਚ ਅਕਾਲੀ ਦਲ ਦਾ ਇੱਕ ਵਫਦ ਅੱਜ ਇੱਥੇ ਜਿਲ੍ਹਾ ਪ੍ਰਸ਼ਾਸ਼ਨਿਕ ਕੰਪਲੈਕਸ ਵਿਖੇ ਐਸ ਪੀ ਡੀ ਨੂੰ ਮਿਲਿਆ ਅਤੇ ਉਹਨਾਂ ਨੂੰ ਵੱਖ ਵੱਖ ਮਾਮਲਿਆ ਦੇ ਦਸਤਾਵੇਜ ਅਤੇ ਸਬੂਤ ਦੇ ਕੇ ਦੱਸਿਆ ਕਿ ਪੁਲੀਸ ਵਲੋਂ ਅਕਾਲੀ ਵਰਕਰਾਂ ਦੇ ਖਿਲਾਫ ਝੂਠੇ ਮਾਮਲੇ ਦਰਜ ਕੀਤੇ ਗਏ ਹਨ ਅਤੇ ਇਹਨਾਂ ਨੂੰ ਤੁਰੰਤ ਰੱਦ ਕੀਤਾ ਜਾਵੇ|
ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਾਬਕਾ ਮੈਂਬਰ ਪਾਰਲੀਮੇਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਸਰਕਾਰ ਪੁਲੀਸ ਦਾ ਕਾਂਗਰਸੀਕਰਨ ਕਰਕੇ ਉਸਦੀ ਦੁਰਵਰਤੋਂ ਕਰ ਰਹੀ ਹੈ ਅਤੇ ਸਥਾਨਕ ਵਿਧਾਇਕ ਅਤੇ ਕੈਬਿਨੇਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਦੇ ਕਹਿਣ ਤੇ ਅਕਾਲੀ ਆਗੂਆਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਅਤੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ| ਉਹਨਾਂ ਕਿਹਾ ਕਿ ਅਕਾਲੀ ਆਗੂਆਂ ਵਲੋਂ ਲੋਕਾਂ ਲਈ ਕੀਤੇ ਜਾਣ ਵਾਲੇ ਲੋਕ ਭਲਾਈ ਦੇ ਕੰਮ ਕਾਂਗਰਸੀਆਂ ਨੂੰ ਹਜਮ ਨਹੀਂ ਹੋ ਰਹੇ|
ਉਹਨਾਂ ਦੱਸਿਆ ਕਿ ਇਸ ਸੰਬੰਧੀ ਪਾਰਟੀ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਉਨਾਂ ਦੇ ਘਰ ਆਏ ਸਨ ਅਤੇ ਇਸ ਦੌਰਾਨ ਪੁਲੀਸ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੋਏ ਦੁਰਾਲੀ ਅਤੇ ਗੀਗੇਮਾਜਰਾ ਪਿੰਡਾਂ ਦੇ ਲੋਕਾਂ ਨੂੰ ਵੀ ਮਿਲੇ ਸਨ ਅਤੇ ਵਸਨੀਕਾਂ ਨੇ ਉਨ੍ਹਾਂ ਨਾਲ ਹੁੰਦੀ ਧੱਕੇਸ਼ਾਹੀ ਬਾਰੇ ਦੱਸਿਆ ਸੀ| ਉਹਨਾਂ ਕਿਹਾ ਅੱਜ ਸ੍ਰ. ਸੁਖਬੀਰ ਸਿੰਘ ਬਾਦਲ ਨੇ ਖੁਦ ਇੱਥੇ ਆਉਣਾ ਸੀ ਪਰ ਬਾਅਦ ਵਿੱਚ ਉਹਨਾਂ ਦਾ ਪ੍ਰੋਗਰਾਮ ਬਦਲ ਗਿਆ|
ਇਸ ਦੌਰਾਨ ਅਕਾਲੀ ਆਗੂਆਂ ਪ੍ਰੇਮ ਸਿੰਘ ਚੰਦੂਮਾਜਰਾ, ਬਲਵਿੰਦਰ ਸਿੰਘ ਭੂੰਦੜ ਅਤੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਸਮੇਤ ਹੋਰਨਾਂ ਆਗੂਆਂ ਨੇ ਐਸ. ਪੀ. ਡੀ. ਨਾਲ ਮੁਲਾਕਾਤ ਦੌਰਾਨ ਕਿਹਾ ਕਿ ਪੁਲੀਸ ਨਿਰਪੱਖ ਹੋ ਕੇ ਕੰਮ ਕਰੇ ਅਤੇ ਕਾਂਗਰਸ ਦਾ ਮੋਹਰਾ ਨਾ ਬਣੇ| ਉਹਨਾਂ ਐਸਪੀਡੀ ਨੂੰ ਦੱਸਿਆ ਕਿ ਪਿੰਡ ਗੀਗੇਮਾਜਰਾ ਦੇ ਇੱਕ ਵਿਅਕਤੀ ਮੱਖਣ ਸਿੰਘ ਨਾਲ ਕੁਝ ਲੋਕਾਂ ਨੇ ਕੁੱਟਮਾਰ ਕੀਤੀ ਅਤੇ ਜਦੋਂ ਪਿੰਡ ਦੇ ਲੋਕ ਇੱਕਠੇ ਹੋ ਕੇ ਉੱਥੇ ਆਏ ਤਾਂ ਉਹ ਵਿਅਕਤੀ ਉੱਥੋਂ ਭੱਜ ਗਏ| ਬਾਅਦ ਵਿੱਚ ਪੁਲੀਸ ਵਲੋਂ ਦੋਸ਼ੀਆਂ ਤੇ ਕਾਰਵਾਈ ਕਰਨ ਦੀ ਥਾਂ ਉਲਟਾ ਮੱਖਣ ਸਿੰਘ ਤੇ ਧਾਰਾ 307 ਦਾ ਪਰਚਾ ਦਰਜ ਕਰ ਦਿੱਤਾ ਗਿਆ| ਉਹਨਾਂ ਕਿਹਾ ਕਿ ਅਕਾਲੀ ਆਗੂਆਂ ਤੇ ਜੋ ਝੂਠੇ ਪਰਚੇ ਦਰਜ ਹੋ ਰਹੇ ਹਨ ਉਨਾਂ ਨੂੰ ਸਹਿਣ ਨਹੀਂ ਕੀਤਾ ਜਾਵੇਗਾ ਅਤੇ ਲੋੜ ਪੈਣ ਤੇ ਇਸ ਖਿਲਾਫ ਧਰਨਾ ਵੀ ਦਿੱਤਾ ਜਾਵੇਗਾ|